ਅੰਮ੍ਰਿਤਸਰ, 11 ਜਨਵਰੀ, ਬੋਲੇ ਪੰਜਾਬ ਬਿਊਰੋ :
Sri Akal Takht Sahib ਦੇ ਜਥੇਦਾਰ Giani Raghbir Singh ਨੇ ਸਪਸ਼ਟ ਕਿਹਾ ਹੈ ਕਿ 2 ਦਸੰਬਰ ਦੇ ਫ਼ੈਸਲਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ Shiromani Akali Dal ਅਜੇ ਵੀ ਆਨਾ ਕਾਨੀ ਕਰ ਰਿਹਾ ਹੈ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਬੀਤੇ ਕਲ੍ਹ ਸੁਖ਼ਬੀਰ ਸਿੰਘ ਬਾਦਲ ਦਾ ਅਸਤੀਫ਼ਾ ਸਵੀਕਾਰ ਕੀਤੇ ਜਾਣ ਨੂੰ ਸਵਾਗਤਯੋਗ ਦੱਸਿਆ ਪਰ ਨਾਲ ਹੀ ਕਿਹਾ ਕਿ 7 ਮੈਂਬਰੀ ਕਮੇਟੀ ਬਾਰੇ ਸੁਣਾਇਆ ਗਿਆ ਫ਼ੈਸਲਾ ਅੱਜ ਵੀ ਸਟੈਂਡ ਕਰਦਾ ਹੈ ਅਤੇ ਜੇ ਇਹ ਨਹੀਂ ਮੰਨਿਆ ਜਾ ਰਿਹਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਅਕਾਲ ਤਖ਼ਤ ਦੇ ਆਦੇਸ਼ਾਂ ਨੂੰ ਲਾਗੂ ਕਰਨ ਤੋਂ ਆਨਾ ਕਾਨੀ ਕਰ ਰਿਹਾ ਹੈ।ਅਕਾਲ ਤਖ਼ਤ ਦੇ ਜਥੇਦਾਰ ਨੇ ਸਪਸ਼ਟ ਕੀਤਾ ਕਿ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ, ਇਹ ਫ਼ੈਸਲਾ ਅਜੇ ਵੀ ਸਟੈਂਡ ਕਰਦਾ ਹੈ ਪਰ ਕਲ੍ਹ ਹੋਈ ਮੀਟਿੰਗ ਵਿੱਚ 7 ਮੈਂਬਰੀ ਕਮੇਟੀ ਦਾ ਕੋਈ ਜ਼ਿਕਰ ਨਾ ਆਉਣਾ ਅਤੇ ਇਸ ਕਮੇਟੀ ਨੂੰ ਕਾਰਜਸ਼ੀਲ ਨਾ ਕਰਨਾ, ਸਹੀ ਨਹੀਂ ਹੈ।ਗਿਆਨੀ ਰਘਬੀਰ ਸਿੰਘ ਨੇ ਮੁੜ ਆਖ਼ਿਆ ਕਿ ਅਕਾਲੀ ਦਲ ਨੂੰ 2 ਦਸੰਬਰ ਦੇ ਸਾਰੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਂਜ ਉਨ੍ਹਾਂ ਨੇ ਅਕਾਲੀ ਦਲ ਵੱਲੋਂ ਬੀਤੇ ਕਲ੍ਹ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਦੇ ਫ਼ੈਸਲੇ ਨੂੰ ਵੀ ਸਹੀ ਦਿਸ਼ਾ ਵਿੱਚ ਚੁੱਕਿਆ ਕਦਮ ਦੱਸਿਆ।
ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਇਹ ਆਖ਼ਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਲਾਗੂ ਕਰਨ ਵਿੱਚ ਕੋਈ ਢਿੱਲ ਮੱਠ ਨਹੀਂ ਹੋਣੀ ਚਾਹੀਦੀ।ਜ਼ਿਕਰਯੋਗ ਹੈ ਕਿ ‘ਅਕਾਲੀ ਦਲ ਸੁਧਾਰ ਲਹਿਰ’ ਭੰਗ ਕਰ ਚੁੱਕਾ ਬਾਗੀ ਧੜਾ 7 ਮੈਂਬਰੀ ਕਮੇਟੀ ਦੇ ਫ਼ੈਸਲੇ ਨੂੰ ਅੱਖੋਂ ਪਰੋਖ਼ੇ ਕੀਤੇ ਜਾਣ ’ਤੇ ਇਤਰਾਜ਼ ਜਤਾ ਰਿਹਾ ਹੈ। ਇਸ ਕਮੇਟੀ ਵਿੱਚੋਂ 2 ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਨੂੰ ਬਾਹਰ ਰੱਖੇ ਜਾਣ ਦਾ ਹਵਾਲਾ ਦੇ ਕੇ ਇਹ ਇਤਰਾਜ਼ ਜਤਾਇਆ ਜਾਏ ਜਾਣ ਦੇ ਨਾਲ ਹੀ ਪਾਰਟੀ ਵੱਲੋਂ ਆਪਣੇ ਤੌਰ ’ਤੇ ਹੀ ਭਰਤੀ ਲਈ ਡਿਊਟੀਆਂ ਲਾ ਦਿੱਤੇ ਜਾਣ ’ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ।ਗਿਆਨੀ ਰਘਬੀਰ ਸਿੰਘ ਨੇ ਮੰਨਿਆਂ ਕਿ ਅਕਾਲ ਤਖ਼ਤ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਕੀਲਾਂ ਦੀ ਰਾਏ ਅਤੇ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਪਿਆ ਉਹ ਪਰਫ਼ਾਰਮਾ ਜ਼ਰੂਰ ਦਿੱਤਾ ਗਿਆ ਹੈ ਜਿਹੜਾ ਕਿਸੇ ਪਾਰਟੀ ਦੀ ਰਜਿਸਟਰੇਸ਼ਨ ਕਰਾਉਣ ਵੇਲੇ ਭਰਿਆ ਜਾਂਦਾ ਹੈ ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਪਾਰਟੀ ਨੇ ਆਪਣੇ ਤੌਰ ’ਤੇ ਸਾਈਨ ਕਰਕੇ ਕੁਝ ਨਹੀਂ ਦਿੱਤਾ।
ਅਕਾਲੀ ਦਲ ਦੇ ਬਾਕੀ ਅਹੁਦੇਦਾਰਾਂ ਦੇ ਅਸਤੀਫ਼ਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕਲ੍ਹ ਦੀ ਵਰਕਿੰਗ ਕਮੇਟੀ ਮੀਟਿੰਗ ਮਗਰੋਂ ਡਾ: ਦਲਜੀਤ ਸਿੰਘ ਚੀਮਾ ਨੇ ਪੱਤਰਕਾਰ ਸੰਮੇਲਨ ਦੌਰਾਨ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਆਗੂਆਂ ਦੇ ਅਸਤੀਫ਼ੇ ਪਹਿਲਾਂ ਹੀ ਪ੍ਰਵਾਨ ਨਹੀਂ ਕੀਤੇ ਗਏ ਸਨ।