ਅੰਮ੍ਰਿਤਸਰ, 10 ਜੂਨ, ਬੋਲੇ ਪੰਜਾਬ ਬਿਓਰੋ:
ਪਾਕਿਸਤਾਨ ਸਥਿਤ ਬਦਨਾਮ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਦੋ ਸਾਥੀਆਂ ਨੂੰ ਬੀਤੇ ਦਿਨ ਕਮਿਸ਼ਨਰੇਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਸਰਹੱਦ ਪਾਰੋਂ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸਤਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਕਬਜ਼ੇ ‘ਚੋਂ 30 ਬੋਰ ਦਾ ਪਿਸਤੌਲ ਅਤੇ 13 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਰਿੰਦਾ ਦੇ ਨਿਰਦੇਸ਼ਾਂ ‘ਤੇ ਸੂਬੇ ‘ਚ ਸ਼ਰਾਬ ਦੇ ਕਾਰੋਬਾਰੀਆਂ ਤੋਂ ਪੈਸੇ ਵਸੂਲਣ ਵਾਲੇ ਕਰਨਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੋਵੇਂ ਦੋਸ਼ੀ ਅੱਤਵਾਦੀ ਰਿੰਦਾ ਦੇ ਇਸ਼ਾਰੇ ‘ਤੇ ਪੰਜਾਬ ‘ਚ ਨੈੱਟਵਰਕ ਚਲਾ ਰਹੇ ਸਨ।
ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਤਬੀਰ ਸਿੰਘ ਪਿਛਲੇ 10 ਦਿਨਾਂ ਵਿੱਚ ਸਰਹੱਦ ਪਾਰ ਤੋਂ 4 ਪਿਸਤੌਲਾਂ ਦੀ ਤਸਕਰੀ ਕਰ ਚੁੱਕਾ ਹੈ। ਪਿਛਲੇ ਦਿਨੀਂ ਉਸ ਨੇ ਅੰਮ੍ਰਿਤਸਰ ਦੇਹਾਤੀ ਤੋਂ ਇੱਕ ਨੌਜਵਾਨ ਨੂੰ ਵੀ ਅਗਵਾ ਕਰ ਲਿਆ ਸੀ, ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਰਨਦੀਪ ਸਿੰਘ ਸੂਬੇ ਵਿੱਚ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਤੋਂ ਪੈਸੇ ਵਸੂਲਦਾ ਸੀ ਅਤੇ ਰਿੰਦਾ ਦੇ ਕਹਿਣ ‘ਤੇ ਉਸ ਨੂੰ ਦੇ ਰਿਹਾ ਸੀ। ਪੈਸੇ ਨਾ ਦੇਣ ‘ਤੇ ਉਹ ਠੇਕੇ ਨੂੰ ਅੱਗ ਲਾ ਦਿੰਦਾ ਸੀ। ਪੁਲਿਸ ਨੇ ਦੋਵਾਂ ਨੂੰ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਲਿਆ ਹੈ।