ਭਾਈ ਨਿੱਝਰ ਗੁਰਮਤਿ ਸਕੂਲ਼ ਵੱਲੋ ਪੁਰਾਤਨ ਤਾਂਤੀ ਸਾਜ਼ਾਂ ਨਾਲ ਕਰਵਾਏ ਗਏ ਸਲਾਨਾ ਬਸੰਤ ਰਾਗ ਦਰਬਾਰ
ਨਵੀਂ ਦਿੱਲੀ 20ਫਰਵਰੀ ਬੋਲੇ ਪੰਜਾਬ ਬਿੳਰੋ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਵਿਖੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਗੁਰਮਤਿ ਸਕੂਲ਼ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਹਰ ਸਾਲ ਦੀ ਤਰ੍ਹਾਂ 2024 ਦਾ ਸਲਾਨਾ ਬਸੰਤ ਰਾਗ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੀਆਂ 16 ਟੀਮਾਂ ਤੋ ਇਲਾਵਾ ਲੋਅਰ ਮੇਨਲੈਂਡ ਦੀਆਂ 15 ਗੁਰਮਤਿ ਅਕੈਡਮੀਆਂ ਨੇ ਆਪਣੀਆਂ ਟੀਮਾਂ ਸ਼ਾਮਿਲ ਕਰਕੇ ਪ੍ਰੋਗਰਾਮ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ । ਪੰਜ ਸਾਲ ਦੀ ਉਮਰ ਤੋਂ ਲੈਕੇ ਤਕਰੀਬਨ 20 ਸਾਲ ਦੀ ਉਮਰ ਤਕ ਦੇ ਬੱਚਿਆਂ ਨੇ ਬਸੰਤ ਰਾਗ ਵਿੱਚ ਸ਼ਬਦਾਂ ਦਾਂ ਇਤਨੀ ਪਕਿਆਈ ਨਾਲ ਗਾਇਨ ਕੀਤਾ ਕਿ ਸੰਗਤਾਂ ਕੀਰਤਨ ਸੁਣ ਕੇ ਭਾਵ ਵਿਹੋਰ ਹੋ ਕੇ ਗੁਰੂ ਸਾਹਿਬ ਜੀ ਸ਼ੁਕਰਾਨਾ ਕਰ ਰਹੀਆਂ ਸਨ । ਦੋ ਰੋਜ਼ਾ ਪ੍ਰੋਗਰਾਮ ਅੰਦਰ ਸਮਾਗਮ ਦੇ ਅਖੀਰ ਵਿੱਚ ਬੱਚਿਆਂ ਨੂੰ ਸਰਟੀਫਿਕੇਟ ਅਤੇ ਟੀਸ਼ਰਟਾਂ ਇਨਾਮ ਵਜੋਂ ਅਤੇ ਉਸਤਾਦ ਸਾਹਿਬਾਨ ਦਾ ਦੁਨੀਆ ਦੀ ਸਭ ਤੋਂ ਮਹਿੰਗੀ ਵਿੱਦਿਆ ਪ੍ਰਦਾਨ ਕਰਨ ਲਈ ਮਾਨ ਸਨਮਾਨ ਕੀਤਾ ਗਿਆ । ਗੁਰੂ ਘਰ ਦੀ ਮਨੇਜਮੈਂਟ ਤੋਂ ਇਲਾਵਾ ਬਹੁਤ ਸਾਰੇ ਵਾਲੰਟੀਅਰ ਵੀਰਾਂ ਤੇ ਭੈਣਾਂ ਨੇ ਉਲੀਕੇ ਗਏ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਆਪਣਾ ਸੁੱਚਜਾ ਯੋਗਦਾਨ ਪਾਇਆ ਜਿਸ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ ।
ਜਿਕਰਯੋਗ ਹੈ ਕਿ ਉਕਤ ਗੁਰੂਘਰ ਵਲੋਂ ਊੜੇ ਤੇ ਜੂੜੇ ਦੀ ਸਾਂਭ ਸੰਭਾਲ ਵਾਸਤੇ ਅਨੇਕਾਂ ਜਤਨ ਕੀਤੇ ਜਾਂਦੇ ਹਨ ਜਿਸ ਵਿੱਚ ਪੰਜਾਬੀ ਦੀ ਕਲਾਸਾਂ, ਗੁਰਬਾਣੀ ਸ਼ੁੱਧ ਉਚਾਰਨ ਸੰਥਿਆਂ ਦੀਆਂ ਕਲਾਸਾਂ, ਹਰਮੋਨੀਅਮ ਅਤੇ ਤਾਂਤੀ ਸਾਜ਼ਾਂ ਨਾਲ ਕੀਰਤਨ ਦੀਆਂ ਕਲਾਸਾਂ, ਦਸਤਾਰ ਦੁਮਾਲਾ ਕੇਸਕੀ ਅਤੇ ਗਤਕਾ ਸਿਖਲਾਈ ਲਈ ਕਲਾਸਾਂ ਉੱਚ ਪੱਧਰ ਦੇ ਉਸਤਾਦ ਸਾਹਿਬਾਨ ਦੀਆਂ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ।