ਫ਼ਤਹਿਗੜ੍ਹ ਸਾਹਿਬ 4 ਜੂਨ,ਬੋਲੇ ਪੰਜਾਬ ਬਿਓਰੋ: “ਬੇਸੱਕ ਅਸੀ ਵੋਟ ਸਿਆਸਤ ਵਿਚ ਹਾਰ ਗਏ ਹਾਂ, ਪਰ ਜੋ ਕੌਮੀ ਆਜ਼ਾਦੀ ਦਾ ਮਿਸ਼ਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸੁਰੂ ਕੀਤਾ ਸੀ, ਜਿਸ ਦਿਨ ਉਨ੍ਹਾਂ ਅਤੇ ਅਨੇਕਾ ਸਿੰਘਾਂ ਨੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆ ਹਨ, ਉਸ ਕੌਮੀ ਆਜਾਦੀ ਖ਼ਾਲਿਸਤਾਨ ਦੇ ਮਿਸਨ ਪ੍ਰਾਪਤੀ ਤੱਕ ਅਸੀ ਜੰਗ ਜਾਰੀ ਰੱਖਾਂਗੇ ਅਤੇ ਆਖਰੀ ਸਵਾਸ ਤੱਕ ਇਸ ਜੰਗ ਵਿਚ ਯੋਗਦਾਨ ਪਾਉਦੇ ਰਹਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2024 ਦੀਆਂ ਪਾਰਲੀਮੈਟ ਚੋਣਾਂ ਦੇ ਆਏ ਨਤੀਜਿਆ ਉਪਰੰਤ ਪੰਜਾਬੀਆਂ ਅਤੇ ਖ਼ਾਲਸਾ ਪੰਥ ਨੂੰ ਸੁਬੋਧਿਤ ਹੁੰਦੇ ਹੋਏ, ਸਿਆਸੀ ਜੰਗ ਵਿਚ ਹੋਈ ਹਾਰ ਉਪਰੰਤ ਵੀ ਆਪਣੇ ਖ਼ਾਲਿਸਤਾਨ ਦੇ ਮਿਸਨ ਦੇ ਚੱਲ ਰਹੇ ਸੰਘਰਸ ਦੀ ਮੰਜਿਲ ਪ੍ਰਾਪਤੀ ਲਈ ਆਖਰੀ ਸਵਾਸ ਤੱਕ ਜੰਗ ਜਾਰੀ ਰੱਖਣ ਦੀ ਗੱਲ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਿੱਤਾਂ-ਹਾਰਾਂ ਸਾਡੀ ਇਸ ਸਿਆਸੀ ਜਿੰਦਗੀ ਦੇ ਪੜਾਅ ਤਾਂ ਹੋ ਸਕਦੇ ਹਨ, ਪਰ ਸਾਡੀ ਇਹ ਕੌਮੀ ਮੰਜਿਲ ਨਹੀ । ਇਸ ਲਈ ਕੌਮ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੁਝਾਰੂ ਮੈਬਰਾਂ, ਸਮਰੱਥਕਾਂ ਨੂੰ ਇਸ ਹੋਈ ਸਿਆਸੀ ਹਾਰ ਤੋਂ ਕਿਸੇ ਤਰ੍ਹਾਂ ਵੀ ਨਮੋਸੀ ਜਾਂ ਢਹਿੰਦੀ ਕਲਾਂ ਵਿਚ ਬਿਲਕੁਲ ਨਹੀ ਜਾਣਾ ਚਾਹੀਦਾ । ਬਲਕਿ ਜੋ ਦਸਵੇ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮੀ ਆਜਾਦੀ ਦੇ ਮਿਸਨ ਲਈ ‘ਇਨ ਗਰੀਬ ਸਿੱਖਨ ਕੋ ਦੇਊ ਪਾਤਸਾਹੀ’ ਦੇ ਸ਼ਬਦ ਉਚਾਰਕੇ ਆਪਣੇ ਖ਼ਾਲਸਾ ਪੰਥ ਦੇ ਰਾਜ ਭਾਗ ਕੌਮੀ ਪੰਥ ਦਰਦੀਆਂ ਦੇ ਸਪੁਰਦ ਕਰਨ ਤੇ ਆਪਣਾ ਖਾਲਸਾ ਪੰਥ ਦਾ ਰਾਜ ਸਥਾਪਿਤ ਕਰਨ ਦੀ ਗੱਲ ਕੀਤੀ ਸੀ । ਉਨ੍ਹਾਂ ਬਚਨਾਂ ਉਤੇ ਸਾਨੂੰ ਸਾਰਿਆ ਨੂੰ ਹਰ ਤਰ੍ਹਾਂ ਦੇ ਉਤਰਾਅ-ਚੜਾਅ ਹੋਣ ਦੇ ਬਾਵਜੂਦ ਵੀ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਆਪਣੇ ਮਿਸਨ ਦੀ ਪ੍ਰਾਪਤੀ ਕਰਨ ਵਿਚ ਸਮੂਹਿਕ ਤੌਰ ਤੇ ਰੁੱਝ ਜਾਣਾ ਚਾਹੀਦਾ ਹੈ । ਜਿਨ੍ਹਾਂ ਪੰਥਕ ਸਖਸ਼ੀਅਤਾਂ ਤੇ ਚੇਹਰਿਆ ਨੂੰ ਉਸ ਅਕਾਲ ਪੁਰਖ ਦੀ ਮੇਹਰ ਅਤੇ ਬਖਸਿਸ ਸਦਕਾ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਹੋਈ ਹੈ, ਹੁਣ ਉਨ੍ਹਾਂ ਨੂੰ ਆਪਣੇ ਕੌਮੀ ਮਿਸਨ ਖਾਲਿਸਤਾਨ ਦੀ ਪ੍ਰਾਪਤੀ ਲਈ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ, ਦੂਰਅੰਦੇਸ਼ੀ ਅਤੇ ਸਮੂਹਿਕ ਤਾਕਤ ਨਾਲ ਯੋਗਦਾਨ ਪਾਉਦੇ ਹੋਏ ਆਪਣੇ ਮਿਸਨ ਦੀ ਪ੍ਰਾਪਤੀ ਕਰਨ ਵਿਚ ਯੋਗਦਾਨ ਵੀ ਪਾਉਣਾ ਚਾਹੀਦਾ ਹੈ ਅਤੇ ਇਸ ਮਿਸਨ ਦੀ ਅਗਵਾਈ ਕਰਨ ਵਿਚ ਵੀ ਸਹਿਯੋਗ ਕਰਨਾ ਚਾਹੀਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖ਼ਾਲਸਾ ਪੰਥ ਦਾ ਹਰ ਮੈਬਰ ਤੇ ਨਿਵਾਸੀ ਇਨ੍ਹਾਂ ਦੁਨਿਆਵੀ ਚੋਣਾਂ ਦੇ ਉਤਰਾਅ-ਚੜਾਅ ਦੇ ਪ੍ਰਭਾਵਾਂ ਦਾ ਗੁਲਾਮ ਨਾ ਬਣਕੇ ਆਪਣੇ ਮਿੱਥੇ ਨਿਸ਼ਾਨੇ ਉਤੇ ਕੇਦਰਿਤ ਰਹੇਗਾ ਅਤੇ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਆਖਰੀ ਸਮੇ ਖਾਲਸਾ ਪੰਥ ਨਾਲ ਬਚਨ ਕੀਤੇ ਸਨ ਕਿ ‘ਜਿਸ ਦਿਨ ਹੁਕਮਰਾਨ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜਾਂ ਚਾੜਨਗੇ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਉਨ੍ਹਾਂ ਦੇ ਇਨ੍ਹਾਂ ਬਚਨਾਂ ਉਤੇ ਕੌਮ ਪਹਿਰਾ ਦਿੰਦੀ ਹੋਈ ਹਰ ਕੀਮਤ ਉਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰੇਗੀ ।
ਸ. ਮਾਨ ਨੇ ਸੰਗਰੂਰ ਹਲਕੇ ਦੇ ਉਨ੍ਹਾਂ ਨਿਵਾਸੀਆ ਤੇ ਗੁਰਸਿੱਖਾਂ ਦਾ ਅਤੇ ਸਮੁੱਚੇ ਪੰਜਾਬ ਵਿਚ ਪਾਰਟੀ ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਲਿਆ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਆਪ ਸਭਨਾਂ ਨੇ ਆਪਣੀਆ ਇਛਾਵਾ ਅਤੇ ਮਨੋਕਾਮਨਾਵਾ ਨੂੰ ਪੂਰਨ ਕਰਦੇ ਹੋਏ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਦਾਸ ਨੂੰ ਸਹਿਯੋਗ ਕੀਤਾ ਹੈ, ਉਸ ਲਈ ਸਦਾ ਆਪਣੇ ਮਨ ਆਤਮਾ ਵਿਚ ਸਤਿਕਾਰ ਪਿਆਰ ਰੱਖਾਂਗਾ ਅਤੇ ਜੋ ਸੰਘਰਸ ਬੀਤੇ 40 ਸਾਲਾਂ ਤੋ ਅਸੀ ਆਜਾਦੀ ਦਾ ਲੜਦੇ ਆ ਰਹੇ ਹਾਂ, ਉਸ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਆਪ ਸਭ ਪੰਥ ਦਰਦੀ ਸਹਿਯੋਗ ਕਰਦੇ ਰਹੋਗੇ ।