ਸਾਡੇ ਦੇਸ਼ ਚ ਕਾਹਦੀ ਥੋੜ੍ਹ ਹੈ
ਪੈਸੇ ਦੀ ਕਿਉਂ ਲੱਗੀ ਹੋੜ ਹੈ
ਨੇਤਾ ਕੁਰਸੀ ਨੂੰ ਚੁੰਬੜਿਆ ਹੈ
ਹਰ ਵੇਲੇ ਕਰਦਾ ਜੋੜ-ਤੋੜ ਹੈ
ਜਦੋਂ ਮਿਹਨਤ ਨਾਲ ਸਭ ਮਿਲਦਾ ਹੈ
ਫਿਰ ਰਿਸ਼ਵਤ ਦੀ ਕੀ ਲੋੜ ਹੈ
ਸਾਡਾ ਸਮਾਜਿਕ ਢਾਂਚਾ ਵਿਗੜਿਆ ਹੈ
ਇਥੇ ਡੰਡੇ ਦਾ ਚਲਦਾ ਜੋਰ ਹੈ
ਇਥੇ ਆਪਣਿਆਂ ਲਈ ਨਰਮਾਈ ਹੈ
ਦੂਜੇ ਲਈ ਕਨੂੰਨ, ਕਠੋਰ ਹੈ
ਇਥੇ ਨੇਤਾ ਲਾਰੇ ਲਾਉਂਦਾ ਹੈ
ਬਣਦਾ ਬਗਲਾ-ਭਗਤ, ਪਰ ਚੋਰ ਹੈ
ਨੌਜਵਾਨਾਂ ਲਈ ਨਾ ਨੌਕਰੀ ਹੈ
ਵੱਲ ਵਿਦੇਸ਼ਾਂ ਉਹਨਾਂ ਦੀ ਹੋੜ ਹੈ
ਸਭ ਲੱਤਾਂ ਘੜੀਸ ਕੇ ਚਲਦੇ ਨੇ
ਕੋਈ ਦਿਸਦੀ ਨਾ ਮਟਕਵੀਂ ਤੋਰ ਹੈ
ਹਰ ਕੋਈ ਚਿੰਤਾ ਦੇ ਵਿਚ ਡੁੱਬਿਆ ਹੈ
ਨਾ ਕੋਈ ਪੈਲਾਂ ਪਾਉਂਦਾ, ਵਾਂਗੂੰ ਮੋਰ ਹੈ
ਭਾਂਵੇ “ਮਾਵੀ” ਸਭ ਕੁਝ ਵੇਖਦਾ ਹੈ
ਕਹਿਣ ਵੇਲੇ ਦਿਲ ਉਹਦਾ ਕਮਜੋਰ ਹੈ
ਗੁਰਦਰਸ਼ਨ ਸਿੰਘ ਮਾਵੀ
ਫੋਨ 98148 51298