ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਸ਼ੇ ਤੇ ਮੁਫ਼ਤ ਦੀਆਂ ਹੋਰ ਵਸਤਾਂ ਨਹੀਂ ਵੰਡਣ ਦਿੱਤੀਆਂ ਜਾਣਗੀਆਂ-ਸ਼ੌਕਤ ਅਹਿਮਦ ਪਰੇ
ਪਛਾਣ ਕੀਤੇ 29 ਪੋਲਿੰਗ ਸਟੇਸ਼ਨਾਂ ਨੇੜਲੇ ਇਲਾਕਿਆਂ ਉਤੇ ਅਸਮਾਨ ਤੋਂ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ
ਪਟਿਆਲਾ, 31 ਮਈ ,ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ 2024 ਨੂੰ ਆਜ਼ਾਦ, ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ 1 ਜੂਨ ਨੂੰ ਵੋਟਾਂ ਤੋਂ ਪਹਿਲਾਂ ਸਾਰੇ ਹਲਕਿਆਂ ਵਿੱਚ 31 ਮਈ ਦੀ ਰਾਤ ਨੂੰ ਸ਼ਰਾਬ ਤੇ ਨਸ਼ੇ ਆਦਿ ਵੰਡਣ ਦੇ ਮਾਮਲਿਆਂ ਉਤੇ ਹਾਈਟੈਕ ਡਰੋਨਾਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਉਚੇਚੇ ਪ੍ਰਬੰਧ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 29 ਪੋਲਿੰਗ ਸਟੇਸ਼ਨ ਖਰਚਾ ਸੰਵੇਦਨਸ਼ੀਲ ਪਾਕੇਟਸ ਵਜੋਂ ਪਛਾਣ ਕੀਤੇ ਗਏ ਹਨ, ਜੋਕਿ ਨਾਭਾ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ ਸ਼ਹਿਰੀ, ਸਮਾਣਾ ਅਤੇ ਸ਼ੁਤਰਾਣਾ ਵਿੱਚ ਪੈਂਦੇ ਹਨ, ਇਨ੍ਹਾਂ ਖੇਤਰਾਂ ਦੀ ਫੁਟੇਜ ਰਿਕਾਰਡ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਟੀਮਾਂ ਡਰੋਨ/ਯੂ.ਏ.ਵੀ. ਦੀ ਵਰਤੋਂ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਰਾਂ ਵਿੱਚ ਸਹਾਇਕ ਖ਼ਰਚਾ ਆਬਜ਼ਰਵਰ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਸ਼ੇ ਤੇ ਮੁਫ਼ਤ ਦੀਆਂ ਹੋਰ ਵਸਤਾਂ ਨਹੀਂ ਵੰਡਣ ਦਿੱਤੀਆਂ ਜਾਣਗੀਆਂ।ਇਸ ਲਈ ਇਹ ਡਰੋਨ ਪਛਾਣ ਕੀਤੇ ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਨਿਗਰਾਨੀ ਕਰਨਗੇ ਅਤੇ ਜਿੱਥੇ ਕਿਤੇ ਕੋਈ ਸ਼ੱਕੀ ਗਤੀਵਿੱਧੀ ਪਾਈ ਗਈ, ਉਥੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਜ਼ਿਲ੍ਹੇ ਵਿੱਚ ਅਮਨ, ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖੇ, ਇਸ ਲਈ ਨਿਰਵਿਘਨ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਅਤੇ ਸੀ.ਏ.ਪੀ.ਐਫ. ਕਰਮਚਾਰੀਆਂ ਨੂੰ ਤਾਇਨਾਤ ਕਰਨ ਤੋਂ ਇਲਾਵਾ, ਡਰੋਨ ਕਿਸੇ ਵੀ ਸਮਾਜ ਵਿਰੋਧੀ ਤੱਤਾਂ ਨੂੰ ਪ੍ਰਕਿਰਿਆ ਵਿੱਚ ਵਿਘਨ ਪਾਉਣ ਤੋਂ ਰੋਕਣ ਵਿੱਚ ਮਦਦ ਕਰਨਗੇ।
ਪਰੇ ਨੇ ਜ਼ੋਰ ਦਿੱਤਾ ਕਿ, “ਸ਼ਰਾਬ ਅਤੇ ਲੋਕਾਂ ਨੂੰ ਮੁਫਤ ਵਸਤੂਆਂ ਦੀ ਵੰਡ ਨੂੰ ਰੋਕਣਾ ਸਾਡਾ ਮੁੱਖ ਉਦੇਸ਼ ਹੈ।” ਉਸਨੇ ਅੱਗੇ ਕਿਹਾ, “ਅਸੀਂ ਸੰਵੇਦਨਸ਼ੀਲ ਖੇਤਰਾਂ ਵਿੱਚ ਰਾਤ ਦੀ ਨਿਗਰਾਨੀ ਲਈ ਡਰੋਨ ਦੀ ਵਰਤੋਂ ਕਰ ਰਹੇ ਹਾਂ, ਖਾਸ ਤੌਰ ‘ਤੇ ਜਿੱਥੇ ਸਾਨੂੰ ਸੰਭਾਵਿਤ ਸ਼ਰਾਬ ਜਾਂ ਨਕਦੀ ਦੀ ਆਵਾਜਾਈ ਬਾਰੇ ਜਾਣਕਾਰੀ ਮਿਲੀ ਹੈ। ਇਨ੍ਹਾਂ ਅਭਿਆਸਾਂ ਨੂੰ ਰੋਕਣ ਲਈ, ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਖੇਤਰਾਂ ‘ਤੇ ਸਖਤੀ ਨਾਲ ਨਿਗਰਾਨੀ ਕਰ ਰਿਹਾ ਹੈ।ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਖ਼ਤ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਹਨ।