ਚੰਡੀਗੜ੍ਹ,ਬੋਲੇ ਪੰਜਾਬ ਬਿਓਰੋ;
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਸਥਿਤ ਦਫਤਰ ਵਿਖੇ ਪੰਜਾਬੀ ਦੇ ਸਿਰਕੱਢ ਗੀਤਕਾਰ ਅਤੇ ਲੇਖਕ ਰਣਜੋਧ ਸਿੰਘ ਰਾਣਾ ਨੂੰ ਸਨਮਾਨਿਤ ਕਰਨ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਉਨ੍ਹਾਂ ਨੂੰ ਇਹ ਸਨਮਾਨ ਸੰਸਥਾ ਦੇ ਦਫਤਰ ਪਹਿਲੀ ਵਾਰ ਪਹੁੰਚਣ ਦੇ ਸਤਿਕਾਰ ਵਜੋਂ ਦਿੱਤਾ ਗਿਆ।
ਸਨਮਾਨ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ ਨੇ ਰਣਜੋਧ ਰਾਣਾ ਅਤੇ ਦੂਜੇ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਦੱਸਿਆ ਕਿ ਸੰਸਥਾ ਦੀ ਇਹ ਪ੍ਰੰਪਰਾ ਰਹੀ ਹੈ ਕਿ ਜੋ ਵੀ ਪ੍ਰਸਿੱਧ ਸਾਹਿਤਕਾਰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਦਫ਼ਤਰ ਵਿਖੇ ਪਹਿਲੀ ਵਾਰ ਪਹੁੰਚਦਾ ਹੈ ਉਸ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਸਾਹਿਤਕਾਰ ਹੋਰ ਉਤਸ਼ਾਹ ਨਾਲ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ’ਚ ਤਨਦੇਹੀ ਨਾਲ ਕੰਮ ਕਰਨ ’ਚ ਵਿਲੱਖਣ ਯੋਗਦਾਨ ਪਾ ਸਕੇ। ਅੱਜ ਪਹੁੰਚੇ ਮਹਿਮਾਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਰਣਜੋਧ ਰਾਣਾ ਪੰਜਾਬੀ ਸੱਭਿਆਚਾਰ ਨੂੰ ਜੀਵਤ ਰੱਖਣ ਲਈ ਅਨੇਕਾਂ ਗੀਤਾਂ ਦੀ ਰਚਨਾ ਕਰ ਚੁੱਕੇ ਹਨ ਜਿਨ੍ਹਾਂ ਨੂੰ ਪੰਜਾਬ ਦੇ ਉੱਚ ਕੋਟੀ ਦੇ ਗਾਇਕਾਂ ਵਲੋਂ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਨ੍ਹਾਂ ਵਿੱਚ ਅਮਰ ਵਿਰਦੀ, ਨਰਿੰਦਰ ਨਾਰੰਗ, ਸ਼ੋਭਾ ਮੱਟੂ, ਬਿੰਦ ਪ੍ਰਮੁੱਖ ਹਨ। ਰਣਜੋਧ ਰਾਣਾ ਦਾ ਗੀਤ ”ਬੰਮ-ਬੰਮ ਏ ਰੇਲਗੱਡੀ ਆਈ” ਬਹੁਤ ਹੀ ਮਕਬੂਲ ਹੋਇਆ। ਇਸ ਤੋਂ ਬਿਨਾਂ ਉਨ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਗੀਤ, ਵਿਆਹ ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ਵਿੱਚ ਸੁਨਣ ਨੂੰ ਆਮ ਮਿਲਦੇ ਹਨ। ਉਨ੍ਹਾਂ ਦੀਆਂ ਲਿਖੀਆਂ ਪੰਜਾਬੀ ਦੀਆਂ ਪੁਸਤਕਾਂ ”ਯਾਦਾਂ ਪਿੰਡ ਦੀਆਂ” ਅਤੇ ”ਮਹਿਕਾਂ” ਬਹੁਤ ਹੀ ਹਰਮਨ ਪਿਆਰੀਆਂ ਹੋਈਆਂ ਹਨ।
ਇਸ ਮੌਕੇ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਸੰਸਥਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਲਾਹਕਾਰ ਬਲਵਿੰਦਰ ਸਿੰਘ, ਨਵੀਂ ਪੰਧ ਨਵੀਂ ਸੋਚ ਸੰਸਥਾ ਦੀ ਪ੍ਰਧਾਨ ਅਤੇ ਪ੍ਰਸਿੱਧ ਸਾਹਿਤਕਾਰ ਬੀਬੀ ਬਲਜਿੰਦਰ ਕੌਰ ਸ਼ੇਰਗਿੱਲ, ਪ੍ਰਸਿਧ ਲੇਖਕ ਸ੍ਰ. ਨੱਥਾ ਸਿੰਘ ਸ਼ਾਮਲ ਸਨ। ਸੰਸਥਾ ਦੇ ਅਹੁਦੇਦਾਰਾਂ ਵਲੋਂ ਰਣਜੋਧ ਰਾਣਾ ਨੂੰ ਇੱਕ ਸ਼ਾਲ, ਫੁੱਲਾਂ ਦੇ ਹਾਰ- ਗੁਲਦਸਤੇ ਅਤੇ ਗੋਸਲ ਰਚਿਤ ਪੰਜਾਬੀ ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ। ਬੀਬੀ ਬਲਜਿੰਦਰ ਨੂੰ ਰਾਣਾ ਜੀ ਨੇ ਆਪਣੀਆਂ ਪੁਸਤਕਾਂ ਨੂੰ ਭੇਟ ਕੀਤੀਆਂ।
ਇਸ ਮੌਕੇ ਤੇ ਰਣਜੋਧ ਰਾਣਾ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਤਨੋ-ਮਨੋ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਲਈ ਹਰ ਸਮੇਂ ਸੰਸਥਾ ਨੂੰ ਹਰ ਸੰਭਵ ਸਹਾਇਤ ਦੇਣਗੇ। ਉਨ੍ਹਾਂ ਨੇ ਸੰਸਥਾ ਵਲੋਂ ਵੱਡੇ ਪੱਧਰ ਤੇ ਸਾਹਿਤਕਾਰਾਂ ਦਾ ਸਨਮਾਨ ਕਰਨ ਅਤੇ ਪੰਜਾਬੀ ਨੂੰ ਹਰ ਖੇਤਰ ’ਚ ਸਤਿਕਾਰ ਦੇਣ ਲਈ, ਵਿਲੱਖਣ ਉਪਰਾਲਿਆਂ ਲਈ ਪ੍ਰਸ਼ੰਸਾ ਕੀਤੀ।
ਬੀਬੀ ਬਲਜਿੰਦਰ ਕੌਰ ਸ਼ੇਰਗਿਲ ਨੇ ਰਣਜੋਧ ਰਾਣਾ ਦੇ ਧਾਰਮਿਕ ਗੀਤ ”ਗੋਬਿੰਦ ਦੇ ਚੋਜ ਨਿਆਰੇ” ਅਤੇ ਵਿਆਹਾਂਂ ਸਾਦੀਆਂ ਵਿੱਚ ਗਾਏ ਜਾਂਦੇ ਪ੍ਰਸਿੱਧ ਗੀਤ ”ਕਿੰਨੀ ਸੋਹਣੀ ਜੋੜੀ ਰੱਬ ਨੇ ਬਣਾਈ” ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਹੋਏ ਰਣਜੋਧ ਸਿੰਘ ਰਾਣਾ ਨੂੰ ਵਿਲੱਖਣ ਗੀਤਾਂ ਅਤੇ ਅੱਜ ਦੇ ਸਨਮਾਨ ਲਈ ਵਧਾਈ ਦਿੱਤੀ। ਅੰਤ ’ਚ ਨੱਥਾ ਸਿੰਘ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਰਣਜੋਧ ਰਾਣਾ ਨੂੰ ਸਨਮਾਨ ਲਈ ਵਧਾਈ ਦਿੱਤੀ।