ਮੋਹਾਲੀ, 30 ਮਈ ,ਬੋਲੇ ਪੰਜਾਬ ਬਿਓਰੋ:
ਭਾਰਤ ਦੇ ਚੋਣ ਤਿਉਹਾਰ ਨੂੰ ਸਿਰੇ ਚੜ੍ਹਾਉਣ ਵਿੱਚ ਚੋਣ ਡਿਊਟੀ ਵਿੱਚ ਲੱਗੇ ਵੱਖ ਵੱਖ ਮੁਲਾਜ਼ਮਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣਾਂ ਤੋਂ ਅਗਲੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ। ਪਰ ਇਸ ਵਾਰ ਪਹਿਲੀ ਜੂਨ ਨੂੰ ਵੋਟਾਂ ਵਾਲੇ ਦਿਨ ਤੋਂ ਅਗਲੇ ਦਿਨ ਦੋ ਜੂਨ ਨੂੰ ਐਤਵਾਰ ਦੀ ਛੁੱਟੀ ਹੋਣ ਕਰਕੇ ਇੰਨ੍ਹਾਂ ਡਿਊਟੀਆਂ ਤੇ ਲੱਗੇ ਮੁਲਾਜ਼ਮਾਂ ਵੱਲੋਂ ਤਿੰਨ ਜੂਨ ਦਿਨ ਸੋਮਵਾਰ ਦੀ ਇਵਜੀ ਛੋਟ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਚੋਣਾਂ ਦੇ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਚੋਣ ਡਿਊਟੀਆਂ ਤੇ ਲੱਗੇ ਮੁਲਾਜ਼ਮਾਂ ਜਿੰਨ੍ਹਾਂ ਵਿੱਚ ਸਿੱਖਿਆ ਵਿਭਾਗ ਦੇ ਨਾਨ ਟੀਚਿੰਗ ਸਟਾਫ ਜਿਸ ਵਿੱਚ ਕਲਰਕ, ਐੱਸ ਐੱਲ ਏ, ਲਾਇਬ੍ਰੇਰੀਅਨ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਨੂੰ ਲਗਾਤਾਰ ਕਈ ਦਿਨ ਲਗਾਉਣੇ ਪੈਂਦੇ ਹਨ। ਚੋਣਾਂ ਵਾਲੇ ਦਿਨ ਵੀ 15 ਤੋਂ 17 ਘੰਟੇ ਕੰਮ ਕਰਨਾ ਪੈਂਦਾ ਹੈ, ਇਸ ਲਈ ਚੋਣ ਡਿਊਟੀਆਂ ਜਿੰਨ੍ਹਾਂ ਵਿੱਚ ਮਾਈਕਰੋ ਅਬਜ਼ਰਵਰ, ਸੈਕਟਰ ਅਫ਼ਸਰ, ਬਤੌਰ ਬੂਥ ਲੈਵਲ ਅਫ਼ਸਰ (ਬੀਐੱਲਓ), ਪਰਜ਼ਾਇਡਿੰਗ ਅਫ਼ਸਰ (ਪੀਆਰਓ), ਸੁਪਰਵਾਇਜ਼ਰ, ਏਪੀਆਰਓ, ਪੋਲਿੰਗ ਅਫ਼ਸਰ, ਮਾਸਟਰ ਟ੍ਰੇਨਰ, ਟ੍ਰੇਨਰ, ਸੈਕਟਰ ਅਫਸਰ, ਸਟੈਟਿਕ ਸਰਵੈਲੀਐਂਸ ਟੀਮ ਦੇ ਮੈਂਬਰ, ਡਾਟਾ ਐਂਟਰੀ, ਕਾਉਂਟਿੰਗ ਟੀਮ ਦੇ ਮੈਂਬਰ, ਐੱਫ ਐੱਸ ਟੀ ਟੀਮਾਂ ਦੇ ਮੈਂਬਰ, ਦਰਜਾ ਚਾਰ ਆਦਿ ਨੂੰ ਚੋਣਾਂ ਤੋਂ ਅਗਲੇ ਦਿਨ ਐਤਵਾਰ ਹੋਣ ਦੀ ਸਥਿਤੀ ਵਿੱਚ ਸੋਮਵਾਰ ਦੀ ਇਵਜੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਭਾਂਵੇ ਸਿੱਖਿਆ ਵਿਭਾਗ ਦੇ ਟੀਚਿੰਗ ਸਟਾਫ ਨੂੰ ਪਹਿਲਾਂ ਹੀ ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ ਪਰ ਸਕੂਲਾਂ, ਬੀਪੀਈਓ, ਡੀਈਓ ਅਤੇ ਡੀਪੀਆਈ ਦਫ਼ਤਰਾਂ ਦੇ ਹਜ਼ਾਰਾਂ ਕਲੈਰੀਕਲ ਅਤੇ ਨਾਨ ਟੀਚਿੰਗ ਇਹ ਡਿਊਟੀ ਨਿਭਾਅ ਰਹੇ ਹਨ ਜਿੰਨ੍ਹਾਂ ਨੂੰ ਚੋਣ ਦੀ ਸਮਾਪਤੀ ਉਪਰੰਤ ਇਵਜੀ ਛੁੱਟੀ ਤਿੰਨ ਜੂਨ ਸੋਮਵਾਰ ਦੀ ਦਿੱਤੀ ਜਾਣੀ ਬਣਦੀ ਹੈ।