ਕੋਲਕਾਤਾ, 26 ਮਈ,ਬੋਲੇ ਪੰਜਾਬ ਬਿਓਰੋ;
ਬੰਗਾਲ ਦੀ ਖਾੜੀ ‘ਚ ਉੱਠੇ ਚੱਕਰਵਾਤੀ ਤੂਫਾਨ ਰੁਮੇਲ ਦੇ ਅੱਜ ਅੱਧੀ ਰਾਤ ਨੂੰ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ‘ਚ ਟਕਰਾਉਣ ਦੀ ਸੰਭਾਵਨਾ ਹੈ। ਅਲੀਪੁਰ ਸਥਿਤ ਮੌਸਮ ਵਿਭਾਗ ਦੇ ਖੇਤਰੀ ਹੈੱਡਕੁਆਰਟਰ ਵੱਲੋਂ ਐਤਵਾਰ ਸਵੇਰੇ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸਦੇ ਪ੍ਰਭਾਵ ਕਾਰਨ ਸ਼ਨੀਵਾਰ ਨੂੰ ਰਾਜਧਾਨੀ ਕੋਲਕਾਤਾ ‘ਚ 4.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹਾਲਾਂਕਿ ਤਾਪਮਾਨ ‘ਚ ਕੋਈ ਗਿਰਾਵਟ ਨਹੀਂ ਆਈ। ਘੱਟੋ-ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਵੱਧ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਵਿਭਾਗ ਮੁਤਾਬਕ ਚੱਕਰਵਾਤ ਦੇ ਪ੍ਰਭਾਵ ਕਾਰਨ ਅੱਜ ਸਾਰਾ ਦਿਨ ਮੀਂਹ ਪਵੇਗਾ। ਰਾਜਧਾਨੀ ਕੋਲਕਾਤਾ ‘ਚ ਪ੍ਰਤੀ ਘੰਟਾ ਦੋ ਤੋਂ ਤਿੰਨ ਸੈਂਟੀਮੀਟਰ ਮੀਂਹ ਰਿਕਾਰਡ ਕੀਤਾ ਜਾ ਸਕਦਾ ਹੈ ਅਤੇ 70 ਤੋਂ 80 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਕੋਲਕਾਤਾ ਤੋਂ ਇਲਾਵਾ ਪੱਛਮੀ ਬੰਗਾਲ ਦੇ ਤੱਟੀ ਜ਼ਿਲ੍ਹਿਆਂ ਹਾਵੜਾ, ਹੁਗਲੀ, ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਪੂਰਬੀ ਅਤੇ ਪੱਛਮੀ ਮੇਦਿਨੀਪੁਰ ਵਿੱਚ ਨੁਕਸਾਨ ਦੀ ਸੰਭਾਵਨਾ ਸਭ ਤੋਂ ਵੱਧ ਹੈ। ਇਨ੍ਹਾਂ ਇਲਾਕਿਆਂ ‘ਚ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਤੂਫਾਨ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।
ਵਿਭਾਗ ਦੀ ਚੇਤਾਵਨੀ ਤੋਂ ਬਾਅਦ, ਰਾਜ ਆਫ਼ਤ ਰਾਹਤ ਬਲ (ਐਸਡੀਆਰਐਫ) ਦੇ ਨਾਲ-ਨਾਲ ਐਨਡੀਆਰਐਫ ਦੀ ਟੀਮ ਬਚਾਅ ਕਾਰਜ ਲਈ ਬੰਗਾਲ ਪਹੁੰਚ ਗਈ ਹੈ। ਐਨਡੀਆਰਐਫ ਦੀਆਂ 12 ਟੁਕੜੀਆਂ ਪੱਛਮੀ ਬੰਗਾਲ ਪਹੁੰਚ ਚੁੱਕੀਆਂ ਹਨ। ਭਾਰਤੀ ਹਵਾਈ ਸੈਨਾ, ਜਲ ਸੈਨਾ ਅਤੇ ਤੱਟ ਰੱਖਿਅਕ ਵੀ ਰਾਹਤ ਅਤੇ ਬਚਾਅ ਲਈ ਤਿਆਰ ਹਨ।