ਚੰਡੀਗੜ੍ਹ, 25 ਮਈ,ਬੋਲੇ ਪੰਜਾਬ ਬਿਓਰੋ: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ‘ਆਪ’ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਰਾਜਾਸਾਂਸੀ, ਅਜਨਾਲਾ ਅਤੇ ਮਜੀਠਾ ਵਿੱਚ ‘ਆਪ’ਉਮੀਦਵਾਰ ਨਾਲ ਵਿਸ਼ਾਲ ਰੋਡ ਸ਼ੋਅ ਕੀਤਾ। ਕੜਕਦੀ ਗਰਮੀ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਨ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਲੋਕਾਂ ਨੇ ਵਾਅਦਾ ਕੀਤਾ ਕਿ ਉਹ ਅੰਮ੍ਰਿਤਸਰ ਵਿੱਚੋਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਾ ਸਫ਼ਾਇਆ ਕਰਨ ਲਈ ਤਿਆਰ ਹਨ। ਉਹ ਸਿਰਫ਼ ‘ਆਪ’ਨੂੰ ਹੀ ਵੋਟ ਦੇਣਗੇ ਅਤੇ 4 ਜੂਨ ਨੂੰ ਅੰਮ੍ਰਿਤਸਰ ‘ਚ ‘ਆਪ’ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰੇਗੀ।ਰਾਜਾਸਾਂਸੀ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਤਿਆਰ ਹੋ ਜਾਓ, ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਤਿਆਰ ਹੋ ਜਾਓ। ਵੋਟ ਦਾ ਅਧਿਕਾਰ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਡੇ ਲਈ ਕਮਾਇਆ ਸੀ। ਮਾਨ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਲੋਕ ਇਸ ਗਰਮੀ ਵਿੱਚ ਆਪਣੇ ਘਰਾਂ ਤੋਂ ਬਾਹਰ ਆ ਕੇ ਸਾਨੂੰ ਆਪਣਾ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਪਿਆਰ ਅਤੇ ਸਮਰਥਨ ਦਾ ਕਰਜ਼ ਕਦੇ ਨਹੀਂ ਚੁਕਾ ਸਕਦੇ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਿਧਾਨ ਸਭਾ ਹਲਕੇ ਅਜਨਾਲਾ ਵਿੱਚ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਜੋਂ ਕੁਲਦੀਪ ਧਾਲੀਵਾਲ ਨੇ 10,000 ਏਕੜ ਨਾਜਾਇਜ਼ ਕਬਜ਼ਿਆਂ ਨੂੰ ਪ੍ਰਭਾਵਸ਼ਾਲੀ ਲੋਕਾਂ ਤੋਂ ਛੁਡਵਾਇਆ ਹੈ। ਉਹ ਪੰਜਾਬ ਦੀਆਂ ਸਭ ਤੋਂ ਮਜ਼ਬੂਤ ਆਵਾਜ਼ਾਂ ਵਿੱਚੋਂ ਇੱਕ ਹਨ। ਉਹ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਪੰਜਾਬ ਦੇ ਬਕਾਇਆ ਫ਼ੰਡ ਜਾਰੀ ਕਰਵਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਆਪਣਾ ਨੁਮਾਇੰਦਾ ਚੁਣਨ।ਮਾਨ ਨੇ ਰਾਜਾਸਾਂਸੀ, ਅਜਨਾਲਾ ਅਤੇ ਮਜੀਠਾ ਵਿੱਚ ਵੀ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲਿਆ ਅਤੇ ਆਪਣੀ ਮਸ਼ਹੂਰ ਕਿੱਕਲੀ 2.0 ਸੁਣਾਈ। ਮਜੀਠਾ ਵਿੱਚ ਉਨ੍ਹਾਂ ਲੋਕਾਂ ਨੂੰ ਬਦਲਾਅ ਲਈ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਰੱਖਤ ਵੀ ਆਪਣੇ ਪੁਰਾਣੇ ਪੱਤੇ ਝਾੜਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅੰਮ੍ਰਿਤਸਰ ਦੇ ਲੋਕ ਵੀ ਬਦਲਾਅ ਲਿਆਉਣ।ਅਸੀਂ ਬਿਕਰਮ ਮਜੀਠੀਆ ਦੀ ਗੁੰਡਾਗਰਦੀ ਨੂੰ ਖ਼ਤਮ ਕਰਨ ਜਾ ਰਹੇ ਹਾਂ, ਹੁਣ ਲੋਕਾਂ ਦੇ ਖ਼ਿਲਾਫ਼ ‘ਝੂਠੇ ਪਰਚੇ’ ਨਹੀਂ ਹੋਣਗੇ- ਧਾਲੀਵਾਲਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ‘ਤੇ ਭਰੋਸਾ ਕਰਕੇ ਪਹਿਲਾਂ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਟਿਕਟ ਦਿੱਤੀ ਸੀ। ਅਜਨਾਲਾ ਦੇ ਲੋਕਾਂ ਨੇ ਉਨ੍ਹਾਂ ਦਾ ਦਿਲੋਂ ਸਾਥ ਦੇ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ। ਉੱਥੇ, ਮੈਨੂੰ ਵੱਖ-ਵੱਖ ਮਹੱਤਵਪੂਰਨ ਵਿਭਾਗਾਂ ਦੇ ਨਾਲ ਕੈਬਨਿਟ ਮੰਤਰੀ ਵਜੋਂ ਜ਼ਿੰਮੇਵਾਰੀਆਂ ਦਿੱਤੀਆਂ। ਉਨ੍ਹਾਂ ਅੱਗੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਅਜਨਾਲਾ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਅਤੇ ਇੱਥੋਂ ਦੇ ਲੋਕਾਂ ਦੀ ਸੰਸਦ ਵਿੱਚ ਪ੍ਰਤੀਨਿਧਤਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ।
ਧਾਲੀਵਾਲ ਨੇ ਆਪਣੀ ਹਲਕੇ ਦੇ ਲੋਕਾਂ ਦੀ ਤਰਫ਼ੋਂ ਮਾਨ ਨਾਲ ਵਾਅਦਾ ਕੀਤਾ ਕਿ 4 ਜੂਨ ਨੂੰ ਅੰਮ੍ਰਿਤਸਰ ਸੀਟ ਤੋਂ ਆਮ ਆਦਮੀ ਪਾਰਟੀ ਨੂੰ ਪਹਿਲੀ ਲੀਡ ਮਿਲੇਗੀ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ‘ਆਪ’ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖ਼ੁਸ਼ ਹਨ ਅਤੇ ਮੁੜ ‘ਆਪ’ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਹਨ। ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਅੰਮ੍ਰਿਤਸਰ ਅਤੇ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ ਅਤੇ ਚੋਣਾਂ ਤੋਂ ਬਾਅਦ ਉਹ ਪਹਿਲ ਦੇ ਆਧਾਰ ‘ਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਗੇ।
ਮਜੀਠਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਸੀਂ ਆਪਣੀਆਂ ਵੋਟਾਂ ਰਾਹੀਂ ਬਿਕਰਮ ਮਜੀਠੀਆ ਦੀ ਗੁੰਡਾਗਰਦੀ ਨੂੰ ਠੱਲ੍ਹ ਪਾਉਣੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਅਕਾਲੀ ਆਗੂ ਬਿਕਰਮ ਮਜੀਠੀਆ ਵਰਗੇ ਲੋਕ ਹਾਰ ਗਏ ਅਤੇ ਉਨ੍ਹਾਂ ਕੋਲ ਕੋਈ ਤਾਕਤ ਨਹੀਂ ਰਹੀ ਤਾਂ ਅੰਮ੍ਰਿਤਸਰ ਦੇ ਲੋਕ ਝੂਠੇ ਕੇਸਾਂ ਦੇ ਖ਼ਤਰੇ ਤੋਂ ਮੁਕਤ ਹੋ ਜਾਣਗੇ। ਉਨ੍ਹਾਂ ਕਿਹਾ ਕਿ ਵੰਸ਼ਵਾਦੀ ਸਿਆਸਤਦਾਨ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹਨ ਅਤੇ ਆਮ ਲੋਕਾਂ ਨੂੰ ਕਿਸੇ ਵੀ ਚੀਜ਼ ਤੋਂ ਬਚਣ ਲਈ ਪ੍ਰੇਰਿਤ ਕਰਦੇ ਹਨ। ਪਰ ਇਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਸੱਤਾ ਤੋਂ ਲਾਂਭੇ ਕਰ ਦੇਣ।