ਤਬਾਹ ਹੋ ਚੁੱਕੀ ਇੰਡਸਟਰੀ ਲਈ ਲਿਆਵਾਂਗੇ ਸਪੈਸ਼ਲ ਪੈਕੇਜ – ਸ਼ਰਮਾ
ਮਾਹਿਲਪੁਰ/ ਸ਼੍ਰੀ ਆਨੰਦਪੁਰ ਸਾਹਿਬ 24 ਮਈ ,ਬੋਲੇ ਪੰਜਾਬ ਬਿਓਰੋ: -ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਚੋਣਾਂ ਜਿੱਤਣ ਉਪਰੰਤ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਿੱਚ ਖਾਲੀ ਅਸਾਮੀਆਂ ਭਰਨ ਲਈ ਤੁਰੰਤ ਯਤਨ ਕਰਨਗੇ। ਅੱਜ ਹਲਕੇ ਦੇ ਪਿੰਡਾਂ ਹੈਬੋਵਾਲ, ਬੀਨੇਵਾਲ, ਮਹਿੰਦਵਾਲੀ, ਰਾਮਪੁਰ, ਕਿਤਨਾ, ਪੋਸ਼ੀ, ਮੇਘੋਵਾਲ ਗੇਂਦਪੁਰ ਅਤੇ ਮਾਹਿਲਪੁਰ ਆਦਿ ਵਿੱਚ ਆਪਣੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਸੰਸਦ ਮੈਂਬਰਾਂ ਨੇ ਇਸ ਇਤਿਹਾਸਿਕ ਹਲਕੇ ਦੀ ਅਵਾਜ਼ ਸੰਸਦ ਵਿੱਚ ਨਹੀਂ ਉਠਾਈ। ਜਿਸ ਕਾਰਨ ਇੱਥੋਂ ਦੀ ਇੰਡਸਟਰੀ ਬੁਰੀ ਤਰ੍ਹਾਂ ਤਬਾਹ ਹੋ ਗਈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਪੈਸ਼ਲ ਪੈਕੇਜ ਲੈ ਕੇ ਤਬਾਹ ਹੋਈ ਇੰਡਸਟਰੀ ਨੂੰ ਮੁੜ ਸੁਰਜੀਤ ਕਰਨਗੇ।
ਉਨ੍ਹਾਂ ਕਿਹਾ ਕਿ ਕੁਦਰਤੀ ਸੁੰਦਰਤਾ ਨੂੰ ਦੇਖਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਚੰਗਾ ਨਿਵੇਸ਼ ਕਰਕੇ ਇਸ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅਸਥਾਨ ਦੀ ਧਰਤੀ ਤੇ ਇੱਕ ਜੈਵਿਕ ਅਤੇ ਕੁਦਰਤੀ ਖੇਤੀ ਲਈ ਵਿਸ਼ੇਸ਼ ਕੇਂਦਰ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰੈਸ਼ਰ ਉਦਯੋਗ ਨੂੰ ਮੁੜ ਪੈਰਾਂ ਸਿਰ ਕੀਤਾ ਜਾਵੇਗਾ।