ਲੁਧਿਆਣਾ, 23 ਮਈ,ਬੋਲੇ ਪੰਜਾਬ ਬਿਓਰੋ:
ਤੇਜ਼ ਗਰਮੀ ਕਾਰਨ ਸ਼ਹਿਰ ਦੇ ਪੁਰਾਣੇ ਇਲਾਕੇ ਠਾਕੁਰ ਦੁਆਰ ਦੇ ਕੋਲ ਸਥਿਤ ਪਾਵਰਕਾਮ ਵਿਭਾਗ ਦੇ ਡੀ ਸਬ ਸਟੇਸ਼ਨ ‘ਚ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੋ ਗਈ ਸੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਵਿਭਾਗ ਦੇ ਚੌੜਾ ਬਾਜ਼ਾਰ ਡਵੀਜ਼ਨ ਦੇ ਐਸ.ਡੀ.ਓ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮਾਮਲੇ ਸਬੰਧੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਉਨ੍ਹਾਂ ਦੀ ਟੀਮ ਨੇ ਅਹਿਤਿਆਤ ਵਜੋਂ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਵਿਭਾਗੀ ਮੁਲਾਜ਼ਮਾਂ ਦੀ ਟੀਮ ਵੱਲੋਂ ਕੁਝ ਸਮੇਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਮੁਲਾਜ਼ਮਾਂ ਦੀ ਟੀਮ ਵੱਲੋਂ ਇਲਾਕੇ ਵਿੱਚ ਬਿਜਲੀ ਸਪਲਾਈ ਬਹਾਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਸਨ। ਜਾਣਕਾਰੀ ਅਨੁਸਾਰ ਪਾਵਰਕੌਮ ਵਿਭਾਗ ਦੇ ਡੀ.ਸਬ ਸਟੇਸ਼ਨ ਵਿੱਚ ਵਿਭਾਗ ਵੱਲੋਂ ਪੁਰਾਣੇ ਬਿਜਲੀ ਦੇ ਟਰਾਂਸਫਾਰਮਰ ਅਤੇ ਕੁਝ ਹੋਰ ਸਾਮਾਨ ਰੱਖਿਆ ਹੋਇਆ ਹੈ, ਜਿਸ ਨੂੰ ਮੌਕੇ ’ਤੇ ਹੀ ਅੱਗ ਲੱਗਣ ਤੋਂ ਬਚਾਇਆ ਜਾ ਰਿਹਾ ਸੀ।