ਚੰਡੀਗੜ੍ਹ, 20 ਮਈ,ਬੋਲੇ ਪੰਜਾਬ ਬਿਓਰੋ:
ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਜੂਮ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰਾਂ ਵੱਲੋਂ ਭਾਗ ਲਿਆ ਗਿਆ।ਇਸ ਮੀਟਿੰਗ ਵਿੱਚ ਲੈਕਚਰਾਰ ਕਾਡਰ ਦੇ ਤੱਤਕਾਲੀ ਮਸਲਿਆਂ ‘ਤੇ ਚਰਚਾ ਕੀਤੀ ਗਈ। ਇਸ ਬਾਰੇ ਸੰਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਤਕਰੀਬਨ 1954 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰੀਬ 13913 ਲੈਕਚਰਾਰ ਦੀਆਂ ਮੰਨਜ਼ੂਰਸ਼ੁਦਾ ਅਸਾਮੀਆਂ ਹਨ।ਇਹ ਲੈਕਚਰਾਰ +1 ਅਤੇ +2 ਜਮਾਤਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ, ਨਾਨ ਮੈਡੀਕਲ, ਕਾਮਰਸ, ਆਰਟਸ ਤੇ ਵੋਕੇਸ਼ਨਲ ਸਟ੍ਰੀਮ ਦੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ਼ ਹੀ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ 700 ਦੇ ਕਰੀਬ ਅਸਾਮੀਆਂ ਖ਼ਾਲੀ ਹਨ। ਇਹਨਾਂ ਸਕੂਲਾਂ ਵਿੱਚ ਸੀਨੀਅਰ ਲੈਕਚਰਾਰ ਕਾਰਜਕਾਰੀ ਰੂਪ ਵਿੱਚ ਪ੍ਰਿੰਸੀਪਲ ਦੀਆਂ ਜੰਮੇਵਾਰੀਆਂ ਆਪਣੇ ਸਿੱਖਿਆ ਦੇ ਕਾਰਜਾਂ ਦੇ ਨਾਲ਼ ਨਾਲ਼ ਨਿਭਾ ਰਹੇ ਹਨ।ਇੱਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਸੇਵਾਵਾਂ ਦੇ ਇਵਜ਼ ਵਿੱਚ ਲੈਕਚਰਾਰਾਂ ਨੂੰ ਕੋਈ ਮਿਹਨਤਾਨਾ ਅਤੇ ਲਾਭ ਨਹੀਂ ਦਿੱਤਾ ਜਾਂਦਾ ਜੋ ਕਿ ਦੇਣਾ ਬਣਦਾ ਹੈ
ਉਕਤ ਦੇ ਨਾਲ਼ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਕੂਲ ਦੇ ਸੀਨੀਅਰ ਲੈਕਚਰਾਰ ਦੂਜੇ ਇੰਚਾਰਜ ਦੇ ਰੂਪ ਵਿੱਚ ਸੇਵਾਵਾਂ ਨਿਭਾ ਰਹੇ ਹਨ ਜੋ ਪ੍ਰਿੰਸੀਪਲ ਦੀ ਗ਼ੈਰ ਮਜ਼ੂਦਗੀ ਵਿੱਚ ਸਕੂਲ ਪ੍ਰਬੰਧ ਨੂੰ ਸੰਭਾਲਦੇ ਹਨ ਅਤੇ ਮੁਖੀ ਦੀ ਮੌਜ਼ੂਦਗੀ ਵਿੱਚ ਪ੍ਰਬੰਧਨ ਵਿੱਚ ਪੂਰਾ ਯੋਗਦਾਨ ਪਾਉਂਦੇ ਹਨ।ਇਹਨਾਂ ਸੇਵਾਵਾਂ ਦੇ ਬਦਲੇ ਉਹਨਾਂ ਨੂੰ ਕੋਈ ਲਾਭ ਨਹੀਂ ਦਿੱਤਾ ਜਾਂਦਾ।ਇਸ ਲਈ ਬੇਨਤੀ ਹੈ ਕਿ ਲੈਕਚਰਾਰਾਂ ਵੱਲੋਂ ਨਿਭਾਈਆਂ ਜਾਂਦੀਆਂ ਪ੍ਰਬੰਧਕੀ ਸੇਵਾਵਾਂ ਨੂੰ ਉਹਨਾਂ ਦੇ ਪ੍ਰਬੰਧਕੀ ਤਜ਼ਰਬੇ ਵਜੋਂ ਮੰਨਿਆ ਜਾਣਾ ਚਾਹੀਦਾ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਕਿਹਾ ਕਿ ਲੈਕਚਰਾਰ ਤੇ ਵੋਕੇਸ਼ਨਲ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਿਯੁਕਤ ਹੁੰਦੇ ਹਨ ਜਾਂ ਪ੍ਰਮੋਟ ਹੋ ਕੇ ਲੈਕਚਰਾਰ ਬਣਦੇ ਹਨ। ਜਿਨ੍ਹਾਂ ਦਾ ਵਾਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਿਸ਼ੋਰ ਅਵਸਥਾ ਅਧੀਨ ਵੱਡੇ ਹੋ ਰਹੇ ਵਿਦਿਆਰਥੀਆਂ ਨਾਲ਼ ਪੈਂਦਾ ਹੈ ਅਤੇ ਉਹ ਉਹਨਾਂ ਨੂੰ ਬਾਖੂਬੀ ਸਮਝਦੇ ਹਨ।
ਦੂਜਾ ਇਹ ਕਿ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਪ੍ਰਬੰਧ ਦਾ ਹਿੱਸਾ ਹੁੰਦੇ ਹਨ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਕਾਰਜਪ੍ਰਣਾਲੀ ਦੀ ਸਮਝ ਰੱਖਦੇ ਹਨ ਅਤੇ ਸਮੇਂ ਸਮੇਂ ਸਿਰ ਸਕੂਲ਼ ਪ੍ਰਬੰਧ ਵਿੱਚ ਅਪਣੀ ਭੂਮਿਕਾ ਨਿਭਾਉਂਦੇ ਰਹਿੰਦੇ ਹਨ
ਤੀਜਾ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਜ ਅਤੇ ਸਮੁਦਾਇ ਨਾਲ਼ ਰਿਸ਼ਤਾ ਹਾਈ, ਮਿਡਲ ਤੇ ਪ੍ਰਾਇਮਰੀ ਸਕੂਲਾਂ ਨਾਲੋਂ ਵੱਖਰਾ ਹੁੰਦਾ ਹੈ।ਚੋਥਾ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਸੀਨੀਅਰ ਲੈਕਚਰਾਰ ਪ੍ਰਬੰਧਕੀ ਅਤੇ ਸਕੂਲ ਵਿੱਚਲੇ ਫੰਡਾ ਅਤੇ ਸਕੂਲ ਨੂੰ ਮਿਲਣ ਵਾਲੀਆਂ ਸਰਕਾਰੀ ਗ੍ਰਾਂਟਾ ਆਦਿ ਦੇ ਕੰਮਾਂ ਕਾਰਾ ਤੋਂ ਜਾਣੂ ਹੁੰਦੇ ਹਨ ਅਤੇ ਇਸ ਸੰਬੰਧੀ ਕਾਰਜ ਕਰਦੇ ਹਨ।ਪੰਜਵਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਲੈਕਚਰਾਰ ਐੱਸ ਸੀ ਈ ਆਰ ਟੀ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾਂਦੀਆਂ ਸੰਪੂਰਨ ਗਤੀਵਿਧੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਦੇ ਕਾਰਜਾਂ, ਪਾਠਕ੍ਰਮ ਨਿਰਧਾਰਨ, ਪੁਸਤਕਾਂ ਦੀ ਤਿਆਰੀ, ਪ੍ਰੀਖਿਆ ਲਈ ਪ੍ਰਸ਼ਨ ਪੱਤਰ ਤਿਆਰ ਕਰਨਾ, ਪ੍ਰੀਖਿਆ ਲੈਣ ਵਿੱਚ ਮੁੱਖ ਭੂਮਿਕਾ ਨਿਭਾਉਣਾ ਤੇ ਪੇਪਰ ਚੈੱਕ ਕਰਨ ਦਾ ਕਾਰਜ ਕਰਦੇ ਹਨ।
ਸੂਬਾ ਪ੍ਰੈਸ ਸਕੱਤਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਕੂਲ ਕਾਰਜਕਾਰੀ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਣ ਵਾਲੇ ਲੈਕਚਰਾਰਾਂ ਨੂੰ ਪ੍ਰਿੰਸੀਪਲ ਵਜੋਂ ਅਧਿਕਾਰਿਤ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਕੀਤੇ ਇਸ ਕਾਰਜ ਦਾ ਬਣਦਾ ਹੱਕ ਦਿੱਤਾ ਜਾਵੇ।ਇਸ ਦੇ ਨਾਲ਼ ਹੀ ਉਹਨਾਂ ਮੰਗ ਕੀਤੀ ਕਿ ਸਕੂਲ ਵਿੱਚ ਦੂਜੇ ਇੰਚਾਰਜ ਵਜੋਂ ਸੇਵਾਵਾਂ ਨਿਭਾਉਣ ਦੇ ਇਵਜਾਨੇ ਵਜੋਂ ਉਹਨਾਂ ਦੀਆਂ ਸੇਵਾਵਾਂ ਨੂੰ ਪ੍ਰਬੰਧਕੀ ਤਜ਼ਰਬੇ ਵਜੋਂ ਮੰਨਿਆ ਜਾਵੇ।ਉਹਨਾਂ ਮੰਗ ਕੀਤੀ ਜਿੱਥੇ ਬਤੌਰ ਪ੍ਰਿੰਸੀਪਲ ਤਰੱਕੀ ਲਈ ਸਕੂਲ ਪ੍ਰਬੰਧ ਦੇ ਤਜ਼ੁਰਬੇ ਦੇ ਲਾਭ ਸਕੂਲ ਪ੍ਰਬੰਧਕ ਅਤੇ ਸਕੂਲ ਸਹਾਇਕ ਪ੍ਰਬੰਧਕ ਲੈਕਚਰਾਰਾਂ ਨੂੰ ਦਿੱਤੇ ਜਾਣ।ਇਸ ਮੌਕੇ ਤੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਢਿੱਲੋਂ,ਚਰਨ ਦਾਸ,ਦਿਲਬਾਗ ਸਿੰਘ ਬਰਾੜ, ਨਾਇਬ ਸਿੰਘ,ਅਵਤਾਰ ਸਿੰਘ ਧਨੋਆ, ਰਾਮਵੀਰ ਸਿੰਘ ਅਤੇ ਹੋਰ ਮੌਜ਼ੂਦ ਸਨ।