ਦਿੜ੍ਹਵਾ, 19 ਮਈ,ਬੋਲੇ ਪੰਜਾਬ ਬਿਓਰੋ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸੰਸਦ ਮੈਂਬਰ ਹੁੰਦਿਆਂ ਇਕ ਟੀਵੀ ਪ੍ਰੋਗਰਾਮ ’ਚ ਹਲਕਾ ਦਿੜ੍ਹਬਾ ਦੇ ਇਕ ਡ੍ਰੇਨ ਦੇ ਪੁਲ਼ ਨੂੰ 6 ਲੱਖ ’ਚ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਨੂੰ ਸਰਕਾਰੀ ਏਜੰਸੀਆਂ ਵੱਲੋਂ ਇਕ ਕਰੋੜ 8 ਲੱਖ ਰੁਪਏ ’ਚ ਬਣਾਉਣ ਲਈ ਕਿਹਾ ਗਿਆ ਸੀ। ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਉਸ ਡ੍ਰੇਨ ’ਤੇ ਜਾ ਕੇ ਮੁੱਖ ਮੰਤਰੀ ਦੇ ਪੁਲ਼ ਬਣਾਉਣ ਦੇ ਦਾਅਵੇ ਨੂੰ ਝੂਠਾ ਸਿੱਧ ਕਰਨ ਦਾ ਦਾਅਵਾ ਕੀਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਖੌਤੀ ਬਦਲਾਅ ਲਿਆਉਣ ਵਾਲਾ ਕਹਿ ਕੇ ਝੂਠਾ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਟੀਵੀ ’ਤੇ ਬੈਠ ਕੇ ਝੂਠ ਬੋਲਣ ਵਾਲਾ ਮੁੱਖ ਮੰਤਰੀ ਦੋ ਸਾਲ ਸਰਕਾਰ ਦੇ ਬੀਤ ਜਾਣ ’ਤੇ ਵੀ ਪੁਲ਼ ਨਹੀਂ ਬਣਾ ਸਕਿਆ। ਖਹਿਰਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਚੈਲੰਜ ਕਰਦੇ ਹਨ ਕਿ ਇਸ ਡ੍ਰੇਨ ਦੇ ਪੁਲ਼ ਉਤੇ ਆ ਕੇ ਉਨ੍ਹਾਂ ਨਾਲ ਖੁੱਲ੍ਹੀ ਬਹਿਸ ਕਰਨ।ਖਹਿਰਾ ਨੇ ਕਿਹਾ ਕਿ ਹਵਾ ਵਿਚ ਬਣੇ ਇਸ ਪੁਲ਼ ਦੇ ਨਾਲ ਹੀ ਪੰਜਾਬ ਦੇ ਹੋਰ ਮੁੱਦਿਆਂ ’ਤੇ ਵੀ ਖੁੱਲ੍ਹੀ ਬਹਿਸ ਹੋਵੇਗੀ।