ਗੁਰਦਾਸਪੁਰ, 18 ਮਈ,ਬੋਲੇ ਪੰਜਾਬ ਬਿਓਰੋ: ਆਮ ਆਦਮੀ ਪਾਰਟੀ ਦੇ ਬਲਾਕ ਸੋਸ਼ਲ ਮੀਡੀਆ ਇੰਚਾਰਜ ’ਤੇ ਹੋਏ ਹਮਲੇ ਦੇ ਮਾਮਲੇ ’ਚ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਨੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪੀੜਤ ਅਨਿਲ ਕੁਮਾਰ ਉਰਫ਼ ਆਸ਼ੂ ਸੁਨਿਆਰਾ ਪੁੱਤਰ ਵਰਿੰਦਰ ਕੁਮਾਰ ਵਾਸੀ ਵਾਰਡ ਨੰਬਰ 12 ਫਤਿਹਗੜ੍ਹ ਚੂੜੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਵੇਰੇ 11 ਵਜੇ ਦੇ ਕਰੀਬ ਉਹ ਆਪਣੇ ਘਰ ਤੋਂ ਰੋਜ਼ਾਨਾ ਵਾਂਗ ਦੁਕਾਨ ’ਤੇ ਪੈਦਲ ਜਾ ਰਿਹਾ ਸੀ।
ਜਦੋਂ ਉਹ ਹਰਦੇਵ ਸਿੰਘ ਦੀ ਹਵੇਲੀ ਨੇੜੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਤਿੰਨ ਅਣਪਛਾਤੇ ਨੌਜਵਾਨ ਮੂੰਹ ਢੱਕ ਕੇ ਮੋਟਰਸਾਈਕਲ ’ਤੇ ਖੜ੍ਹੇ ਸਨ। ਜਿਨ੍ਹਾਂ ਵਿੱਚੋਂ ਇੱਕ ਕੋਲ ਦਾਤਰ ਸੀ। ਦੂਜੇ ਕੋਲ ਬੇਸਬਾਲ ਸੀ। ਤਿੰਨਾਂ ਨੇ ਉਸ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਭੱਜ ਗਏ। ਡੀ. ਐਸ. ਪੀ. ਖੁਸ਼ਬੀਰ ਕੌਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੀ ਦੇਖ-ਰੇਖ ‘ਚ ਥਾਣਾ ਇੰਚਾਰਜ ਕਿਰਨਦੀਪ ਸਿੰਘ ਸੰਧੂ ਦੀ ਟੀਮ ਨੇ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਮਾਮਲੇ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਅਨਿਲ ਵਰਮਾ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਸੁਨੀਲ ਦੁੱਗਲ ਵਾਸੀ ਫਤਿਹਗੜ੍ਹ ਚੂੜੀਆਂ ਦੀਆਂ ਹਦਾਇਤਾਂ ‘ਤੇ ਵਿਸ਼ਾਲ ਮਸੀਹ ਪੁੱਤਰ ਡੇਵਿਡ ਮਸੀਹ ਵਾਸੀ ਫਤਿਹਗੜ੍ਹ ਚੂੜੀਆਂ ਨੇ ਸਮਸੂਨ ਉਰਫ ਮਨੀ ਪੁੱਤਰ ਸਵ. ਰਾਕੇਸ਼ ਮਸੀਹ ਵਾਸੀ ਮਕਾਨ ਨੰਬਰ 2084-ਏ, ਮੰਡੀ ਮੱਲਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਅਤੇ ਉਸਦੇ ਦੋ ਹੋਰ ਸਾਥੀਆਂ ਨੇ ਇੱਕ ਸਾਜ਼ਿਸ਼ ਤਹਿਤ ਫਿਰੌਤੀ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।