ਨਵੀਂ ਦਿੱਲੀ, 17 ਫਰਵਰੀ ,ਬੋਲੇ ਪੰਜਾਬ ਬਿਓਰੋ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸ਼੍ਰੀਲੰਕਾ ਅਤੇ ਭਾਰਤ ’ਚ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਈਲਮ (ਐੱਲ.ਟੀ.ਟੀ.ਈ.) ਨੂੰ ਸਰਗਰਮ ਅਤੇ ਮਜ਼ਬੂਤ ਕਰਨ ਦੇ ਮਾਮਲੇ ’ਚ 14ਵੇਂ ਮੁਲਜ਼ਮ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਐੱਨ. ਆਈ. ਏ. ਨੇ ਸ਼ਨੀਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਚਾਰਜਸ਼ੀਟ ਲਿੰਗਮ ਏ ਉਰਫ ਆਦਿਲਿੰਗਮ ਖਿਲਾਫ ਦਾਇਰ ਕਰ ਦਿੱਤੀ ਗਈ ਹੈ। ਇਸ ਮਾਮਲੇ ’ਚ ਹੁਣ ਤੱਕ 16 ਲੋਕ ਮੁਲਜ਼ਮ ਹਨ।
ਐੱਨ. ਆਈ. ਏ. ਦੇ ਬੁਲਾਰੇ ਨੇ ਦੱਸਿਆ ਕਿ ਨਸ਼ਿਆਂ ਅਤੇ ਹਥਿਆਰਾਂ ਦੇ ਗੈਰ-ਕਾਨੂੰਨੀ ਵਪਾਰ ਰਾਹੀਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨੂੰ ਸਰਗਰਮ ਅਤੇ ਮਜ਼ਬੂਤ ਕਰਨ ਦੀ ਸਾਜ਼ਿਸ਼ ਰਚਣ ਦੋਸ਼ ’ਚ ਆਦਿਲਿੰਗਮ ਮੁਲਜ਼ਮ ਹੈ। ਆਦਿਲਿੰਗਮ ਨੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਪ੍ਰਾਪਤ ਹਵਾਲਾ ਧਨ ਨੂੰ ਇਕੱਠਾ ਕਰਨ ਲਈ ਇੱਕ ਏਜੰਟ ਵਜੋਂ ਵੀ ਕੰਮ ਕੀਤਾ ਸੀ, ਜੋ ਕਿ ਐੱਲਟੀਟੀਈ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਤਬਦੀਲ ਕੀਤਾ ਜਾ ਰਿਹਾ ਸੀ।
ਐੱਨ. ਆਈ. ਏ. ਦੀ ਚਾਰਜਸ਼ੀਟ ਦੇ ਅਨੁਸਾਰ ਆਦਿਲਿੰਗਮ ਤਮਿਲ ਫਿਲਮ ਉਦਯੋਗ ’ਚ ਪ੍ਰੋਡਕਸ਼ਨ ਐਗਜ਼ੀਕਿਊਟਿਵ ਦੇ ਤੌਰ ’ਤੇ ਕੰਮ ਕਰ ਰਿਹਾ ਸੀ ਜਦੋਂਕਿ ਗੁਪਤ ਤੌਰ ‘ਤੇ ਐੱਲਟੀਟੀਈ ਦੇ ਪ੍ਰਮੁੱਖ ਨੇਤਾਵਾਂ ਅਤੇ ਕਾਡਰਾਂ ਅਤੇ ਡਰੱਗ ਸਮੱਗਲਰਾਂ ਲਈ ਮੁੱਖ ਹੈਂਡਲਰ ਵਜੋਂ ਕੰਮ ਕਰਦਾ ਸੀ, ਜਿਸ ’ਚ ਸ਼੍ਰੀਲੰਕਾਈ ਨਾਗਰਿਕ ਗੁਣਾਸੇਕਰਨ ਅਤੇ ਉਸਦਾ ਪੁੱਤਰ ਥਿਲਿਪਨ ਵੀ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ 15 ਜੂਨ 2023 ਨੂੰ ਐੱਨ. ਆਈ. ਏ. ਨੇ ਇਸੇ ਮਾਮਲੇ ਵਿੱਚ 13 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਚਾਰਜਸ਼ੀਟ ਵਿੱਚ ਉਨ੍ਹਾਂ ’ਤੇ ਹਿੰਦ ਮਹਾਸਾਗਰ ਦੇ ਜਲ ਖੇਤਰ ’ਚ ਅੱਤਵਾਦੀ ਗਤੀਵਿਧੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਅੰਜਾਮ ਦੇਣ ਲਈ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ‘ਚ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।
ਅਜਿਹਾ ਹੀ ਇੱਕ ਮਾਮਲਾ 2021 ਵਿੱਚ ਭਾਰਤੀ ਏਜੰਸੀਆਂ ਦੁਆਰਾ ਇੱਕ ਵੱਡੀ ਖੇਪ ਜ਼ਬਤ ਕਰਨ ਤੋਂ ਬਾਅਦ ਐੱਨਆਈਏ ਕੋਚੀ ਸ਼ਾਖਾ ਦੁਆਰਾ ਦਰਜ ਕੀਤੇ ਗਏ ਕੇਸ ਅਤੇ ਉਸਦੀ ਜਾਂਚ ਵਿੱਚ ਸਾਹਮਣੇ ਆਇਆ ਸੀ। ਇਸ ਖੇਪ ਵਿੱਚ 300 ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਪੰਜ ਏਕੇ-47 ਰਾਈਫਲਾਂ ਅਤੇ 1000 ਰਾਉਂਡ ਪਾਕਿ ਨਿਰਮਿਤ-ਗੋਲਾ ਬਾਰੂਦ ਸ਼ਾਮਲ ਸਨ। ਉਸ ਮਾਮਲੇ ਵਿੱਚ ਨੌਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ, ਜਿਸਦੀ ਸੁਣਵਾਈ ਚੱਲ ਰਹੀ ਹੈ।