ਅਨਿਲ ਮਸ਼ੀਹ ਦੀ ਮਦਦ ਕਰਕੇ ਬਾਕੀ ਨੌਮੀਨੇਟਿਡ ਕੌਂਸਲਰਾਂ ਨੇ ਵੀ ਕੀਤੀ ਲੋਕਤੰਤਰ ਦੀ ਹੱਤਿਆ: ਡਾ. ਆਹਲੂਵਾਲੀਆ
ਚੰਡੀਗੜ੍ਹ, 17 ਫਰਵਰੀ, ਬੋਲੇ ਪੰਜਾਬ ਬਿਓਰੋ: 30 ਜਨਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਹੋਈ ਲੋਕਤੰਤਰ ਦੀ ਹੱਤਿਆ ਦਾ ਮਾਮਲਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪਿਛਲੇ ਕਈਂ ਦਿਨਾਂ ਤੋਂ ਬੀਜੇਪੀ ਦੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਦੁਆਰਾ ਆਮ ਆਦਮੀ ਪਾਰਟੀ (ਆਪ) ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਨੂੰ ਪੈਨੱ ਚਲਾ ਕੇ ਰੱਦ ਕਰਨ ਦਾ ਵੀਡਿਓ ਹਰ ਫੋਨ ਅਤੇ ਸ਼ੋਸ਼ਲ ਮੀਡਿਆ ਤੇ ਘੁੰਮ ਰਿਹਾ ਹੈ। ਇਸਦੇ ਨਾਲ ਹੀ ਅੱਜ ਇੱਕ ਹੋਰ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਬੀਜੇਪੀ ਦੁਆਰਾ ਨੌਮੀਨੇਟਿਡ ਕੌਂਸਲਰ ਸਤਿੰਦਰ ਸਿੰਘ ਸਿੱਧੂ, ਡਾ. ਰਮਨੀਕ ਸਿੰਘ ਬੇਦੀ, ਅਮਿਤ ਜਿੰਦਲ ਅਤੇ ਡਾ. ਨਰੇਸ਼ ਪੰਚਾਲ, ਬੀਜੇਪੀ ਕੌਂਸਲਰ ਕੰਵਰਜੀਤ ਰਾਣਾ ਦੇ ਨਾਲ ਮਿਲ ਕੇ ਨਗਰ ਨਿਗਮ ਵਿੱਚ ਲੱਗੇ ਕੈਮਰਿਆਂ ਨੂੰ ਅਨਿਲ ਮਸ਼ੀਹ ਦੇ ਉਪਰੋਂ ਹਟਵਾਉਂਦੇ ਹੋਏ ਨਜ਼ਰ ਆ ਰਹੇ ਹਨ।
ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਵੀਡਿਓ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਵੀਡਿਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੇਅਰ ਚੋਣਾਂ ਵਾਲੇ ਦਿਨ ਕੀਤੀ ਗਈ ਲੋਕਤੰਤਰ ਦੀ ਹੱਤਿਆ ਵਿੱਚ ਇਕੱਲਾ ਅਨਿਲ ਮਸ਼ੀਹ ਹੀ ਦੋਸ਼ੀ ਨਹੀਂ ਹੈ, ਉਸਦੇ ਨਾਲ–ਨਾਲ ਬੀਜੇਪੀ ਦੇ ਨੌਮੀਨੇਟਿਡ ਕੌਂਸਲਰ ਸਤਿੰਦਰ ਸਿੰਘ ਸਿੱਧੂ, ਡਾ. ਰਮਨੀਕ ਸਿੰਘ ਬੇਦੀ, ਅਮਿਤ ਜਿੰਦਲ ਅਤੇ ਡਾ. ਨਰੇਸ਼ ਪੰਚਾਲ ਵੀ ਬਰਾਬਰ ਦੇ ਦੋਸ਼ੀ ਹਨ। ਵੀਡਿਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਨੌਮੀਨੇਟਿਡ ਕੌਂਸਲਰ ਕੈਮਰਿਆਂ ਨੂੰ ਅਨਿਲ ਮਸ਼ੀਹ ਦੇ ਉਪਰੋਂ ਹਟਵਾ ਰਹੇ ਹਨ ਤਾਂ ਜੋ ਅਨਿਲ ਮਸ਼ੀਹ ਗਲਤ ਕੰਮ ਕਰਦਾ ਹੋਇਆ ਕੈਮਰੇ ਵਿੱਚ ਕੈਦ ਨਾ ਹੋ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਦੁਆਰਾ ਮੇਅਰ ਚੋਣ ਵਿੱਚ ਕੀਤੀ ਗਈ ਲੋਕਤੰਤਰ ਦੀ ਹੱਤਿਆ ਦੀ ਸਾਜਿਸ਼ ਪਹਿਲਾਂ ਰਚੀ ਗਈ ਸੀ। ਇਸ ਦੇ ਲਈ ਬੀਜੇਪੀ ਦੇ ਹਰ ਕੌਂਸਲਰ ਦੀ ਅਲੱਗ–ਅਲੱਗ ਡਿਊਟੀ ਲਗਾਈ ਗਈ ਸੀ, ਕਿ ਕਿਹੜਾ ਕੌਂਸਲਰ ਬਾਕੀ ਕੌਂਸਲਰਾਂ ਨੂੰ ਅੱਗੇ ਜਾਣ ਦੇ ਲਈ ਕਹੇਗਾ ਅਤੇ ਦੁਬਾਰਾ ਸੀਟਾਂ ਉਤੇ ਬਿਠਾਏਗਾ। ਕਿਹੜੇ ਕੌਂਸਲਰ ਨੇ ਰੌਲਾ ਪਾਉਣਾ ਹੈ ਅਤੇ ਕਿਹੜੇ ਕੌਂਸਲਰਾਂ ਨੇ ਮਾਇਕ ਉਤੇ ਉਚੀ–ਉਚੀ ਨਾਅਰੇ ਲਗਾਉਣੇ ਹਨ ਤਾਂ ਜੋ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਦੀ ਅਵਾਜ਼ ਨੂੰ ਦਬਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਵੀਡਿਓ ਵਿੱਚ ਨਜ਼ਰ ਆ ਰਿਹਾ ਹੈ ਕਿ ਬੀਜੇਪੀ ਦਾ ਸਾਬਕਾ ਮੇਅਰ ਅਨੂਪ ਗੁਪਤਾ ਬਾਕੀ ਕੌਂਸਲਰਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਸਾਰੇ ਅੱਗੇ ਜਾ ਕੇ ਰੌਲਾ ਪਾਓ ਤਾਂ ਜੋ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਦਾ ਅਨਿਲ ਮਸ਼ੀਹ ਦੇ ਉਪਰੋਂ ਧਿਆਨ ਹਟਾਇਆ ਜਾਵੇ। ਰੌਲਾ ਪਾਉਣ ਤੋਂ ਬਾਅਦ ਅਨੂਪ ਗੁਪਤਾ ਸਾਰੇ ਕੌਂਸਲਰਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ, ਕਿ ਅਨਿਲ ਮਸ਼ੀਹ ਨੇ 8 ਵੋਟਾਂ ਰੱਦ ਕਰਕੇ ਕੰਮ ਕਰ ਦਿੱਤਾ ਹੈ, ਇਸ ਲਈ ਹੁਣ ਆਪਣੀਆਂ ਸੀਟਾਂ ਤੇ ਬੈਠ ਜਾਓ।
ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਦੁਆਰਾ ਪਹਿਲਾਂ ਰਚੀ ਗਈ ਸਾਜਿਸ਼ ਦੇ ਤਹਿਤ ਹੀ ਆਪਣੇ ਨੌਮੀਨੇਟਿਡ ਕੌਂਸਲਰਾਂ ਨੂੰ ਮੇਅਰ ਚੋਣਾਂ ਵਿੱਚ ਹਾਊਸ ਦੇ ਅੰਦਰ ਭੇਜਿਆ ਗਿਆ ਸੀ। ਕਿਉਂਕਿ ਬੀਜੇਪੀ ਚਾਹੁੰਦੀ ਸੀ, ਕਿ ਨੌਮੀਨੇਟਿਡ ਕੌਂਸਲਰ ਹਾਊਸ ਅੰਦਰ ਜਾ ਕੇ ਵੋਟਾਂ ਰੱਦ ਕਰਨ ਲਈ ਅਨਿਲ ਮਸ਼ੀਹ ਦੀ ਮਦਦ ਕਰਨ, ਜਦਕਿ ਨੌਮੀਨੇਟਿਡ ਕੌਂਸਲਰਾਂ ਦਾ ਅੰਦਰ ਕੋਈ ਕੰਮ ਨਹੀਂ ਸੀ। ਕਿਉਂਕਿ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅਨਿਲ ਮਸ਼ੀਹ ਦੇ ਨਾਲ–ਨਾਲ ਨੌਮੀਨੇਟਿਡ ਕੌਂਸਲਰਾਂ ਦੇ ਖਿਲਾਫ਼ ਵੀ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਨੌਮੀਨੇਟਿਡ ਕੌਂਸਲਰ ਇਸ ਤਰਾਂ ਲੋਕਤੰਤਰ ਦੀ ਹੱਤਿਆ ਨਾ ਕਰ ਸਕੇ।