ਹਾਪੁੜ, 14 ਮਈ ,ਬੋਲੇ ਪੰਜਾਬ ਬਿਓਰੋ: ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾ ਕੇ ਦੂਜੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਗੰਭੀਰ ਜ਼ਖ਼ਮੀ ਹੈ। ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਨੁਕਸਾਨੀ ਕਾਰ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ।
ਪੁਲਿਸ ਅਨੁਸਾਰ ਸੜਕ ਹਾਦਸੇ ਵਿੱਚ ਮਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕਾਂ ਵਿੱਚ ਗਾਜ਼ੀਆਬਾਦ ਵਾਸੀ ਰੋਹਿਤ ਸੈਣੀ (33), ਅਨੂਪ ਸਿੰਘ (38), ਸੰਦੀਪ, ਨਿੱਕੀ ਜੈਨ (33), ਰਾਜੂ ਜੈਨ ਅਤੇ ਵਿਪਨ ਸੋਨੀ (35) ਸ਼ਾਮਲ ਹਨ। ਹਾਦਸੇ ‘ਚ ਮੇਰਠ ਨਿਵਾਸੀ ਸਚਿਨ ਜ਼ਖਮੀ ਹੈ। ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਮੇਰਠ ਰੈਫਰ ਕਰ ਦਿੱਤਾ ਗਿਆ ਹੈ। ਸਚਿਨ ਅਨੁਸਾਰ ਕਾਰ ਵਿੱਚ ਉਸਦੇ ਨਾਲ ਅਨੁਪਮ, ਅੰਕਿਤ, ਜੀਤੂ, ਸ਼ੰਕਰ, ਸੰਦੀਪ ਅਤੇ ਇੱਕ ਅਣਪਛਾਤਾ ਵਿਅਕਤੀ ਮੌਜੂਦ ਸਨ। ਸਾਰੇ ਲੋਕ ਗਾਜ਼ੀਆਬਾਦ ਦੇ ਲੋਨੀ ਇਲਾਕੇ ਦੇ ਰਹਿਣ ਵਾਲੇ ਸਨ।
ਸੀਓ ਆਸ਼ੂਤੋਸ਼ ਸ਼ਿਵਮ ਨੇ ਦੱਸਿਆ ਕਿ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਕਾਰਨ ਹਾਈਵੇਅ ’ਤੇ ਵਾਹਨਾਂ ਦਾ ਭਾਰੀ ਜਾਮ ਲੱਗ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਕਰੀਬ ਇੱਕ ਘੰਟੇ ਬਾਅਦ ਪੁਲਿਸ ਨੇ ਹਾਈਵੇਅ ਤੋਂ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ।