ਲੁਧਿਆਣਾ 13 ਮਈ,ਬੋਲੇ ਪੰਜਾਬ ਬਿਓਰੋ: ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲਿਖਾਰੀ ਪਦਮਸ਼੍ਰੀ ਸਵ : ਡਾ. ਸੁਰਜੀਤ ਪਾਤਰ ਦੇ ਪਰਿਵਾਰ ਨੂੰ ਇੱਕ ਹੋਰ ਵੱਡਾ ਸਦਮਾ ਲੱਗਿਆ ਹੈ। ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਦੀ ਪਤਨੀ ਦਵਿੰਦਰ ਕੌਰ ਦਾ ਦੇਹਾਂਤ ਹੋ ਗਿਆ ਹੈ, ਜਿਹੜੇ ਕਿ ਬੀਤੇ ਦਿਨੀ ਕਨੇਡਾ ਤੋਂ ਇਲਾਜ ਕਰਵਾਉਣ ਵਾਸਤੇ ਦਿੱਲੀ ਆਏ ਹੋਏ ਸਨ। ਜ਼ਿਕਰਯੋਗ ਹੈ ਕਿ ਦਵਿੰਦਰ ਕੌਰ ਦਾ ਦੇਹਾਂਤ ਸੁਰਜੀਤ ਪਾਤਰ ਦੀ ਮੌਤ ਤੋਂ ਪਿਛਲੀ ਰਾਤ ਨੂੰ ਹੀ ਹੋਇਆ ਸੀ। ਦਵਿੰਦਰ ਕੌਰ ਦੀਆਂ ਅੰਤਿਮ ਰਸਮਾਂ ਵੀ ਸਵ : ਡਾ. ਸੁਰਜੀਤ ਪਾਤਰ ਦੇ ਘਰ ਵਿੱਚ ਹੋਣਗੀਆਂ ਅਤੇ ਉਨਾਂ ਦਾ ਅੰਤਿਮ ਸੰਸਕਾਰ ਕੱਲ ਸਵੇਰੇ 10:30 ਵਜੇ ਸ਼ਮਸ਼ਾਨ ਘਾਟ, ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ ਵਿਖੇ ਹੋਵੇਗਾ।
ਸਵ : ਡਾ. ਸੁਰਜੀਤ ਪਾਤਰ ਦੇ ਬੇਟੇ ਮਨਰਾਜ ਪਾਤਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਚਾਚਾ ਜੀ ਉਪਕਾਰ ਸਿੰਘ ਇੱਕ ਸਿੰਗਰ ਹਨ ਅਤੇ ਉਹਨਾਂ ਦੀ ਇੱਕ ਐਲਬਮ ਸੁਰਾਂਜਲੀ ਵੀ ਆ ਚੁੱਕੀ ਹੈ। ਉਹਨਾਂ ਦੱਸਿਆ ਕਿ ਚੀਨੀਆਂ ਵਿੱਚ ਰਹਿਣ ਵਾਲੇ ਉਹਨਾਂ ਦੇ ਚਾਚਾ ਦਾ ਪਰਿਵਾਰ ਪਿਛਲੇ 10 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਉਹਨਾਂ ਦੀ ਚਾਚੀ ਦੀ ਕਿਡਨੀ ਵਿੱਚ ਕੋਈ ਪਰੇਸ਼ਾਨੀ ਹੋਣ ਕਰਕੇ ਉਹਨਾਂ ਨੂੰ ਇਲਾਜ ਵਾਸਤੇ ਦਿੱਲੀ ਲਿਆਂਦਾ ਗਿਆ ਸੀ।ਦਵਿੰਦਰ ਕੌਰ ਆਪਣੇ ਪਿੱਛੇ ਪਤੀ ਉਪਕਾਰ ਸਿੰਘ ਤੋਂ ਇਲਾਵਾ, ਇੱਕ ਬੇਟਾ ਤੇ ਬੇਟੀ ਵੀ ਛੱਡ ਗਏ ਹਨ।