ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਕੋਲ ਹਨ ਸਿਰਫ 1000 ਰੁਪਏ, ਚੋਣ ਹਲਫ਼ਨਾਮੇ ‘ਚ ਦਿੱਤਾ ਬਿਓਰਾ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ,11 ਮਈ,ਬੋਲੇ ਪੰਜਾਬ ਬਿਓਰੋ:
ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਅੰਮ੍ਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦੇ ਚਾਚੇ ਨੇ ਤਰਨਤਾਰਨ ਜ਼ਿਲੇ ‘ਚ ਨਾਮਜ਼ਦਗੀ ਦਾਖਲ ਕੀਤੀ ਹੈ। ਚੋਣ ਹਲਫ਼ਨਾਮੇ ਅਨੁਸਾਰ ਅੰਮ੍ਰਿਤਪਾਲ ਸਿੰਘ ਦਾ ਐਸਬੀਆਈ ਬੈਂਕ ਰਈਆ ਬਾਬਾ ਬਕਾਲਾ, ਅੰਮ੍ਰਿਤਸਰ ਵਿੱਚ 1000 ਰੁਪਏ ਦਾ ਬੈਂਕ ਬੈਲੰਸ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਕੋਲ ਕੋਈ ਚੱਲ ਜਾਂ ਅਚੱਲ ਜਾਇਦਾਦ ਨਹੀਂ ਹੈ।


ਦੱਸ ਦੇਈਏ ਕਿ 31 ਸਾਲਾ ਅੰਮ੍ਰਿਤਪਾਲ ਸਿੰਘ ਖਡੂਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਜਿੱਥੇ ਉਸ ਕੋਲ ਆਪਣੀ ਜਾਇਦਾਦ ਦੇ ਨਾਂਅ ‘ਤੇ SBI ਬੈਂਕ ‘ਚ ਸਿਰਫ 1000 ਰੁਪਏ ਹਨ। ਉਸਦੀ ਪਤਨੀ ਲੱਖਾਂ ਦੀ ਮਾਲਕ ਹੈ। ਕਿਰਨਦੀਪ ਕੌਰ ਕੋਲ 18.37 ਲੱਖ ਰੁਪਏ ਦੀ ਚੱਲ ਜਾਇਦਾਦ ਹੈ ਜਿਸ ਵਿੱਚ 20,000 ਰੁਪਏ ਨਕਦ, 14 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 4,17,440 ਰੁਪਏ ਦੇ ਬਰਾਬਰ 4,000 ਜੀਬੀਪੀ (ਪਾਊਂਡ) ਸ਼ਾਮਲ ਹਨ, ਜੋ ਕਿ ਰਿਵੋਲਟ ਲਿਮਟਿਡ, ਲੰਡਨ, ਯੂ.ਕੇ. ਦੇ ਖਾਤੇ ਵਿੱਚ ਹਨ।
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਮਾਤਾ-ਪਿਤਾ ‘ਤੇ ਨਿਰਭਰ ਦਿਖਾਇਆ ਗਿਆ ਹੈ ਜਦਕਿ ਉਸ ਦੀ ਪਤਨੀ ਬ੍ਰਿਟਿਸ਼ ਨਾਗਰਿਕ ਹੈ। ਹਲਫ਼ਨਾਮੇ ਅਨੁਸਾਰ ਕਿਰਨਦੀਪ ਕੌਰ ਯੂਕੇ ਵਿੱਚ ਨੈਸ਼ਨਲ ਹੈਲਥ ਸਰਵਿਸਿਜ਼ ਵਿੱਚ ਭਾਸ਼ਾ ਅਨੁਵਾਦਕ ਵਜੋਂ ਕੰਮ ਕਰਦੀ ਸੀ, ਪਰ ਹੁਣ ਇੱਕ ਘਰੇਲੂ ਔਰਤ ਹੈ। ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ ਉਸ ਵਿਰੁੱਧ 12 ਅਪਰਾਧਿਕ ਮਾਮਲੇ ਪੈਂਡਿੰਗ ਹਨ, ਹਾਲਾਂਕਿ ਉਸ ਨੂੰ ਕਿਸੇ ਵੀ ਕੇਸ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।

Leave a Reply

Your email address will not be published. Required fields are marked *