ਫ਼ਿਰੋਜ਼ਪੁਰ, 10 ਮਈ,ਬੋਲੇ ਪੰਜਾਬ ਬਿਓਰੋ:
ਫਿਰੋਜ਼ਪੁਰ ‘ਚ ਇੱਕ ਪੁੱਤ ਨੇ ਆਪਣੀ ਮਾਂ ਦੇ ਸਿਰ ਵਿੱਚ ਇੱਟ ਮਾਰ ਕੇ ਕਤਲ ਕਰ ਦਿੱਤਾ। ਮਾਂ ਦਾ ਕਸੂਰ ਇਹ ਸੀ ਕਿ ਉਸਨੇ ਬਿਨਾਂ ਪੁੱਛੇ ਘਰ ‘ਚ ਇਨਵਰਟਰ ਲਗਾ ਦਿੱਤਾ ਸੀ, ਜਿਸ ਕਾਰਨ ਪੁੱਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮ ਦੇ ਭਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਔਰਤ ਦੀ ਲਾਸ਼ ਨੂੰ ਮੁਰਦਾਘਰ ‘ਚ ਰਖਵਾਇਆ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਰਾਜ ਕੁਮਾਰ ਵਾਸੀ ਬਸਤੀ ਕਸ਼ਮੀਰ ਸਿੰਘ ਵਾਸੀ ਢਕਲੀ, ਮਮਦੋਟ, ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੱਸਿਆ ਹੈ ਕਿ ਉਹ ਰਾਤ ਕਰੀਬ 9:30 ਵਜੇ ਘਰ ‘ਚ ਸੀ ਅਤੇ ਉਸਦੀ ਮਾਂ ਪਿਆਰੋ ਉਸਨੂੰ ਖਾਣਾ ਦੇ ਰਹੀ ਸੀ, ਜਦੋਂ ਉਸਦਾ ਭਰਾ ਅਮਰਜੀਤ ਸਿੰਘ ਘਰ ਆਇਆ ਅਤੇ ਉਸ ਨੇ ਕਿਹਾ ਕਿ ਉਹ ਘਰ ਦਾ ਮੁਖੀ ਹੈ ਅਤੇ ਉਸ ਨੂੰ ਪੁੱਛੇ ਬਿਨਾਂ ਘਰ ਵਿਚ ਇਨਵਰਟਰ ਕਿਉਂ ਲਗਾਇਆ ਗਿਆ।
ਇਸ ਗੱਲ ਨੂੰ ਲੈ ਕੇ ਮਾਂ ਅਤੇ ਭਰਾ ‘ਚ ਲੜਾਈ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਅਮਰਜੀਤ ਨੇ ਇੱਟ ਚੁੱਕ ਕੇ ਮਾਂ ਦੇ ਸਿਰ ‘ਤੇ ਮਾਰਨੀ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮਾਂ ਗੰਭੀਰ ਜ਼ਖਮੀ ਹੋ ਗਈ ਅਤੇ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਜਕੁਮਾਰ ਨੇ ਦੱਸਿਆ ਕਿ ਲੱਤ ਤੋਂ ਅਪਾਹਜ ਹੋਣ ਕਾਰਨ ਉਹ ਆਪਣੀ ਮਾਂ ਨੂੰ ਨਹੀਂ ਬਚਾ ਸਕਿਆ ਅਤੇ ਉਸ ਦੇ ਭਰਾ ਨੇ ਉਸ ਦੇ ਸਾਹਮਣੇ ਹੀ ਮਾਂ ਦਾ ਕਤਲ ਕਰ ਦਿੱਤਾ।
ਮਮਦੋਟ ਥਾਣਾ ਦੇ ਭੁਪਿੰਦਰ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਨੇ ਅਮਰਜੀਤ ਸਿੰਘ ਤੋਂ ਬਿਨਾਂ ਪੁੱਛੇ ਘਰ ‘ਚ ਇਨਵਰਟਰ ਲਗਾਇਆ ਸੀ, ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕਾ ਦੇ ਦੂਜੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ ‘ਤੇ ਅਮਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।