ਤਲਵੰਡੀ ਸਾਬੋ ,ਬੋਲੇ ਪੰਜਾਬ ਬਿਓਰੋ-ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਦੇ 12ਵੇਂ ਮੁਖੀ ਬਾਬਾ ਚੇਤ ਸਿੰਘ ਅਤੇ 13ਵੇਂ ਮੁਖੀ ਮਰਹੂਮ ਬਾਬਾ ਸੰਤਾ ਸਿੰਘ ਦੀ ਕ੍ਰਮਵਾਰ 56ਵੀਂ ਤੇ 16ਵੀਂ ਬਰਸੀ ਨੂੰ ਸਮਰਪਿਤ ਸਮਾਗਮ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ ਜੋ ਅੱਜ ਭਲੀ ਭਾਂਤ ਸੰਪੂਰਨ ਹੋ ਗਏ ਹਨ। ਬਰਸੀ ਸਮਾਗਮਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਬਾਬਾ ਨਾਹਰ ਸਿੰਘ ਸਾਧ, ਸੰਤ ਜੀਤ ਸਿੰਘ ਨਿਰਮਲ ਕੁਟੀਆ, ਬਾਬਾ ਜੋਗਾ ਸਿੰਘ ਕਰਨਾਲ ਵਾਲਿਆ ਤੋਂ ਇਲਾਵਾ ਸਿੱਖ ਪੰਥ ਦੀਆਂ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਤਾਦਾਦ ਵਿੱਚ ਸਮੂਲੀਅਤ ਕਰਦਿਆਂ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਰਸੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ ਬੁੱਢਾ ਦਲ, ਬਾਬਾ ਜਗਜੀਤ ਸਿੰਘ ਮਾਨਸਾ ਅਤੇ ਬਾਬਾ ਮਨਮੋਹਨ ਸਿੰਘ ਬਾਰਨਵਾਲਿਆ, ਸੰਤ ਬਾਬਾ ਅਵਤਾਰ ਸਿੰਘ ਮਸਤੂਆਣਾ ਵਾਲਿਆ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪੰਥ ਪ੍ਰਸਿੱਧ ਸ਼੍ਰੋਮਣੀ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ, ਗੁਰ-ਇਤਿਹਾਸ ਨਾਲ ਜੋੜਿਆ।
ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖ ਪੰਥ ਉਪਰ ਅੰਦਰੋਂ ਬਾਹਰੋਂ ਦੁਸ਼ਮਣ ਤਾਕਤਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਅਤੇ ਸਿੰਘਾਂ ਨੂੰ ਕੁਰੇਦਿਆ ਜਾ ਰਿਹਾ ਹੈ। ਸਿੱਖ ਸੰਸਥਾਵਾਂ ਨੂੰ ਇੱਕ ਖ਼ਤਰਨਾਕ ਯੋਜਨਾ ਬੰਦੀ ਤਹਿਤ ਖ਼ਤਮ ਕਰਨ ਦੇ ਕੋਝੇ ਯਤਨ ਹੋ ਰਹੇ ਹਨ। ਦਸਮ ਪਾਤਸ਼ਹ ਵੱਲੋਂ ਉਸਾਰੇ ਸਿੱਖੀ ਮਹਿਲ ਨੂੰ ਤੋੜਨ ਦੀਆਂ ਨਾਪਾਕ ਸਾਜਿਸ਼ਾਂ ਕੰਮ ਕਰ ਰਹੀਆਂ ਹਨ। ਅੱਜ ਸਿੱਖ ਕੌਮ ਦੇ ਸ਼ਾਨਾਮਤੇ ਇਤਿਹਾਸ ਦੀ ਸੋਚ ਨਿਮਾਣੀ ਤੇ ਬੇਵਸੀ ਕਗਾਰ ਤੇ ਖੜੀ ਹੈ। ਸਮੁੱਚੇ ਸਿੱਖ ਜਗਤ ਨੂੰ ਇਹ ਸਭ ਕੁੱਝ ਬਚਾਉਣ ਲਈ ਇੱਕ ਨਿਸ਼ਾਨ, ਇੱਕ ਵਿਧਾਨ ਥਲੇ ਇੱਕਤਰ ਹੋਣਾ ਪਵੇਗਾ।
ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਬੁੱਢਾ ਦਲ ਦੇ ਮਰਹੂਮ ਜਥੇਦਾਰਾਂ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜਥੇਦਾਰ ਬਾਬਾ ਚੇਤ ਸਿੰਘ ਤੇ ਜਥੇਦਾਰ ਬਾਬਾ ਸੰਤਾ ਸਿੰਘ ਪੰਥ ਦੀਆਂ ਸਤਿਕਾਰਤ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਬੁੱਢਾ ਦਲ ਦੀ ਚੜਦੀਕਲ੍ਹਾ ‘ਤੇ ਵਿਕਾਸ ਲਈ ਬਹੁਤ ਕਾਰਜ ਕੀਤਾ। ਬਾਬਾ ਅਵਤਾਰ ਸਿੰਘ ਸੁਰਸਿੰਘ ਸੰਪਰਦਾਇ ਵੱਲੋਂ ਬਾਬਾ ਨਾਹਰ ਸਿੰਘ ਸਾਧ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਣੀ ਅਤੇ ਬਾਣੇ ਦੇ ਧਾਰਣੀ ਨਿਹੰਗ ਸਿੰਘ ਹੀ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਅਖਵਾਉਂਦੇ ਹਨ ਤੇ ਇਨ੍ਹਾਂ ਤੇ ਸਮੁੱਚੀ ਕੌਮ ਮਾਣ ਕਰਦੀ ਹੈ।
ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਭਾਵੇਂ ਪ੍ਰਬੰਧਕ ਕਮੇਟੀਆਂ ਆਪਣੇ ਪਾਸ ਰੱਖਣ ਪਰ ਕੌਮ ਦੀ ਚੜਦੀਕਲਾ ਲਈ ਤਖ਼ਤ ਸਾਹਿਬਾਨ ਦਾ ਪ੍ਰਬੰਧ ਅਜ਼ਾਦਾਨਾ ਹੋਣਾ ਚਾਹੀਦਾ ਹੈ। ਇਨ੍ਹਾਂ ਤਖ਼ਤਾਂ ਦੇ ਜਥੇਦਾਰ ਬੁੱਢਾ ਦਲ ਦੇ ਨਿਹੰਗ ਸਿੰਘ ਮਹਾਕਾਲ ਹੋਣੇ ਚਾਹੀਦੇ ਹਨ। ਜਿਸ ਨਾਲ ਬਾਣੀ ਬਾਣੇ ਦਾ ਸਤਿਕਾਰ ਵਧੇਗਾ। ਅਖੀਰ ਵਿਚ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਇਸ ਮੌਕੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਬਾਬਾ ਜੋਗਾ ਸਿੰਘ ਸਮੇਤ ਮੁਹਤਬਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਦਿੱਲੀ ਫਤਿਹ ਦਿਵਸ ਦੀ 350 ਸਾਲਾ ਸ਼ਤਾਬਦੀ ਬੁੱਢਾ ਦਲ ਅਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਸੰਸਾਰ ਪੱਧਰ ਤੇ ਮਨਾਈ ਜਵੇਗੀ। ਜਿਸ ਦੀਆਂ ਤਿਆਰੀਆਂ ਹੁਣ ਤੋਂ ਅਰੰਭ ਕੀਤੀਆਂ ਜਾਣਗੀਆਂ। ਇਸ ਮੌਕੇ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਸਟੇਜ ਦੀ ਸੇਵਾ ਨਿਭਾਈ।
ਇਸ ਸਮਾਗਮ ਵਿਚ ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵੱਸਣ ਸਿੰਘ ਮੜੀਆਂਵਾਲੇ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਬਾਬਾ ਇੰਦਰ ਸਿੰਘ, ਬਾਬਾ ਕਰਮ ਸਿੰਘ ਜੀਰਕਪੁਰ, ਬਾਬਾ ਮਲੂਕ ਸਿੰਘ ਲਾਡੀ ਅਨੰਦਪੁਰ, ਬਾਬਾ ਦਲੇਰ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਸ਼ੰਘਰਸ਼ੀ ਯੋਧਾ ਹਰਨੇਕ ਸਿੰਘ ਪੱਪੂ, ਸੰਤ ਮੱਖਣ ਸਿੰਘ ਸੱਤੋਵਾਲੀ ਗਲੀ, ਗਿ: ਭਰਪੂਰ ਸਿੰਘ, ਬਾਬਾ ਬਲਦੇਵ ਸਿੰਘ ਤਰਨਾ ਦਲ ਵੱਲਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਇੰਦਰਬੀਰ ਸਿੰਘ ਸਤਲਾਣੀ, ਜਰਨੈਲ ਸਿੰਘ ਬਰੇਟਾ, ਬਾਬਾ ਜਗਜੀਤ ਸਿੰਘ ਮਾਨਸਾ, ਬਾਬਾ ਰਘੁਬੀਰ ਸਿੰਘ ਖਿਆਲ ਵਾਲੇ, ਬਾਬਾ ਭਗਤ ਸਿੰਘ ਰਾਜਪੁਰਾ, ਬਾਬਾ ਬਘੇਲ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਗੁਰਬਖ਼ਸ਼ ਸਿੰਘ ਬੱਚੀਵਿੰਡ, ਭਾਈ ਮੇਜਰ ਸਿੰਘ ਮੁਖਤਿਆਰੇਆਮ, ਭਾਈ ਸੁਖਵਿੰਦਰ ਸਿੰਘ ਮੋਰ, ਭਾਈ ਸਰਵਣ ਸਿੰਘ ਮਝੈਲ, ਭਾਈ ਹਰਪ੍ਰੀਤ ਸਿੰਘ, ਬਾਬਾ ਗੁਮੇਲ ਸਿੰਘ ਕਨੇਡਾ, ਗਿਆਨੀ ਗੁਰਜੰਟ ਸਿੰਘ, ਗਿ. ਜਗਤਾਰ ਸਿੰਘ, ਮੈਨੇਜਰ ਰਣਜੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਜੀਵਨਜੋਤ ਸਿੰਘ, ਭਾਈ ਬਲਤੇਜ ਸਿੰਘ, ਗਿ. ਭਰਪੂਰ ਸਿੰਘ, ਸ. ਪਰਮਜੀਤ ਸਿੰਘ ਬਾਜਵਾ, ਸ. ਗਗਨਦੀਪ ਸਿੰਘ ਤੋਂ ਇਲਾਵਾ ਇਲਾਕੇ ਦੀ ਸੰਗਤਾਂ ਮੌਜੂਦ ਸੀ।