ਸਕੱਤਰੇਤ ਦੇ ਹਜ਼ਾਰਾ ਮੁਲਾਜ਼ਮਾ ਨੇ ਸੰਸਦੀ ਚੌਣਾਂ ਲਈ ਸਰਵੇ ਕਰਕੇ ਸਰਕਾਰ ਦੇ ਦਾਅਵਿਆਂ ਦੀ ਕੱਢੀ ਹਵਾ
ਚੰਡੀਗੜ੍ਹ, 16 ਫਰਵਰੀ, ਬੋਲੇ ਪੰਜਾਬ ਬਿਓਰੋ :
ਭਾਰਤ ਬੰਦ ਦੇ ਸੱਦੇ ਤੇ ਅੱਜ ਸਵੇਰੇ 9 ਵੱਜੇ ਪੰਜਾਬ ਸਕੱਤਰੇਤ ਦੀ ਜੁਆਂਇੰਟ ਐਕਸ਼ਨ ਕਮੇਟੀ ਨੇ ਪੰਜਾਬ ਸਿਵਲ ਸਕੱਤਰੇਤ ਦੇ ਗੇਟ ਬੰਦ ਕਰਕੇ ਰੈਲੀ ਸ਼ੁਰੂ ਕਰ ਦਿੱਤੀ ਅਤੇ ਸਕੱਤਰੇਤ ਦਾ ਸਾਰਾ ਕੰਮ ਠੱਪ ਕਰ ਦਿਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਰੈਲੀ ਦੇ ਕਾਰਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇਕ ਅਹਿਮ ਮੀਟਿੰਗ ਜੋ ਸਕੱਤਰੇਤ ਵਿਖੇ ਸਵੇਰੇ 11:00 ਵਜੇ ਹੋਣੀ ਸੀ ਉਹ ਵੀ ਮੁਲਤਵੀ ਕਰਨੀ ਪਈ। ਸਕੱਤਰੇਤ ਦੇ ਮੁਲਾਜ਼ਮਾ ਵਿਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਗੁੱਸਾ ਦੇਖਣ ਨੂੰ ਮਿਲਿਆ। ਇਸ ਰੈਲੀ ਦੀ ਖਾਸੀਅਤ ਇਹ ਰਹੀ ਕਿ ਇਸ ਰੈਲੀ ਦੌਰਾਨ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦੇ ਹੋਏ ਹਜ਼ਾਰਾਂ ਦੀ ਤਾਦਾਤ ਵਿਚ ਬੈਠੇ ਮੁਲਾਜ਼ਮਾਂ ਰਾਹੀਂ ਹੱਥ ਖੜੇ ਕਰਵਾ ਕੇ ਸੰਸਦੀ ਚੋਣਾ ਵਿਚ ਵੋਟ ਪਾਉਣ ਲਈ ਸਰਵੇ ਕਰਵਾਇਆ ਗਿਆ। ਇਸ ਸਰਵੇ ਵਿਚ ਮੁਲਾਜਮਾਂ ਨੇ ਆਮ ਆਦਮੀ ਪਾਰਟੀ ਨੂੰ 2024 ਦੀਆਂ ਸੰਸਦੀ ਚੋਣਾ ਵਿਚ ਵੋਟਾਂ ਨਾ ਪਾਉਣ ਦੇ ਹੱਕ ਵਿਚ ਹੱਥ ਖੜੇ ਕਰਕੇ 100 ਪ੍ਰਤੀਸ਼ਤ ਹਾਮੀ ਭਰੀ। ਬੁਲਾਰਿਆ ਨੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਜਲਦੀ ਹੀ ਉਹਨਾ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਕ ਹਫਤੇ ਉਪਰੰਤ ਅਜਿਹੇ ਸੈਂਕੜੇ ਸਰਵੇ ਕਰਵਾ ਕੇ ਅਤੇ ਵੱਡੇ ਐਕਸ਼ਨਾ ਰਾਹੀਂ 2024 ਦੀਆਂ ਸੰਸਦੀ ਚੋਣਾ ਵਿਚ ਆਪ ਸਰਕਾਰ ਦਾ ਭੋਗ ਪਾਉਣ ਲਈ ਜਤਨ ਆਰੰਭ ਦਿੱਤੇ ਜਾਣਗੇ।
ਇਸ ਰੈਲੀ ਵਿਚ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਤਕਰੀਰਾਂ ਕਰਦੇ ਹੋਏ ਕਿਹਾ ਕੀ ਇਹ ਪਾਰਟੀ ਝੁੱਠ ਮਾਰਨ ਅਤੇ ਮੁਲਾਜ਼ਮਾ ਦਾ ਸੋਸਣ ਕਰਨ ਵਿਚ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਵੀ ਪਿੱਛੇ ਛੱਡ ਗਈ ਹੈ। ਉਹਨਾ ਵੱਲੋਂ ਦੋਸ਼ ਲਗਾਇਆ ਗਿਆ ਕਿ ਆਪ ਪਾਰਟੀ ਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਮੁਲਾਜਮਾ ਨਾਲ ਕਈ ਵਾਅਦੇ ਕੀਤੇ ਅਤੇ ਮੁਲਾਜ਼ਮਾ ਦੀਆਂ ਰੈਲੀਆਂ ਵਿਚ ਸ਼ਾਮਿਲ ਹੋ ਕੇ ਬਾਕੀ ਰਾਜਨੀਤਕ ਪਾਰਟੀਆਂ ਤੇ ਦੋਸ਼ ਲਗਾਇਆ ਸੀ ਕੀ ਉਹ ਪੰਜਾਬ ਤੇ ਮੁਲਾਜ਼ਮਾ ਨਾਲ ਧੋਖਾ ਕਰ ਰਹੀਆਂ ਹਨ ਅਤੇ ਮੁਲਾਜ਼ਮਾ ਦੀਆਂ ਹੱਕੀ ਮੰਗਾਂ ਦੇਣ ਤੋਂ ਮੁਨਕਰ ਹਨ। ਜਦੋਂ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ ਹੋ ਕੇ ਉਹ ਸਭ ਕਰ ਰਹੀ ਹੈ ਜੋ ਕਿ ਰਿਵਾਇਤੀ ਪਾਰਟੀਆਂ ਕਰਦੀਆਂ ਸਨ। ਬੁਲਾਰਿਆ ਨੇ ਆਖਿਆ ਕੀ ਮੁਲਾਜਮਾ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, 15.01.2015 ਦਾ ਪੱਤਰ ਵਾਪਸ ਲੈਣਾ, ਜਿਹਨਾ ਮੁਲਾਜ਼ਮਾ ਨੂੰ ਪਦ-ਉੱਨਤੀ ਤੇ 15% ਪੇਅ ਕਮਿਸ਼ਨ ਦਾ ਲਾਭ ਪ੍ਰਾਪਤ ਨਹੀਂ ਹੋਇਆ ਉਹਨਾ ਨੂੰ ਇਸ ਦਾ ਲਾਭ ਦੇਣਾ, ਡੀ.ਏ ਦੀਆਂ ਬਕਾਇਆ ਕਿਸਤਾ ਅਤੇ ਏਰੀਅਰ ਰਲੀਜ਼ ਕਰਨਾ ਆਦਿ ਜਿਊ ਦੀਆਂ ਤਿਊ ਬਕਾਇਆ ਹਨ।
ਮੁਲਾਜ਼ਮ ਆਗੂਆਂ ਨੇ ਪ੍ਰੈਸ ਨੂੰ ਦਸਿਆ ਕਿ ਜੇਕਰ ਪ੍ਰਸਾਸਨ ਜਾਂ ਸਰਕਾਰ ਨੇ ਉਹਨਾ ਦੀਆਂ ਮੰਗਾਂ ਵੱਲ ਅਗਲੇ ਹਫਤੇ ਧਿਆਨ ਨਾ ਦਿਤਾ ਤਾਂ ਅਗਲੇ ਹਫਤੇ ਦੇ ਅਖੀਰ ਵਿਚ ਸਕੱਤਰੇਤ-2 ਵਿਖੇ ਰੈਲੀ ਕਰਨ ਉਪਰੰਤ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਮੁਲਾਜ਼ਮ ਲਹਿਰ ਖੜੀ ਕਰ ਦਿੱਤੀ ਜਾਵੇਗੀ। ਇਸ ਰੈਲੀ ਨੂੰ ਮੁਲਾਜਮ ਆਗੂ ਸੁਖਚੈਨ ਖਹਿਰਾ, ਮਨਜੀਤ ਰੰਧਾਵਾ, ਮਲਕੀਤ ਔਜਲਾ, ਸ਼ੁਸ਼ੀਲ ਫੌਜੀ, ਸਾਹਿਲ ਸਰਮਾ, ਕੁਲਵੰਤ ਸਿੰਘ, ਅਲਕਾ ਚੋਪੜਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਅਮਨਦੀਪ ਕੌਰ, ਜਗਦੀਪ ਸੰਗਰ, ਨਵਪ੍ਰੀਤ ਸਿੰਘ, ਮਨਵੀਰ ਸਿੰਘ, ਇੰਦਰਪਾਲ ਭੰਗੂ, ਸੰਦੀਪ ਕੌਸ਼ਲ, ਸੰਦੀਪ ਕੁਮਾਰ, ਬਲਰਾਜ ਸਿੰਘ ਦਾਊਂ, ਜਗਤਾਰ ਸਿੰਘ, ਜਸਵੀਰ ਸਿੰਘ, ਮਹੇਸ਼ ਚੰਦਰ ਅਤੇ ਬਜਰੰਗ ਨੇ ਸੰਬੋਧਤ ਕੀਤਾ।