ਨਵੀਂ ਦਿੱਲੀ, 06 ਮਈ, ਬੋਲੇ ਪੰਜਾਬ ਬਿਉਰੋ:
ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦੇ ਬਾਅਦ ਮਹਿਲਾ ਆਗੂ ਰਾਧਿਕਾ ਖੇੜਾ (Radhika Khera) ਨੇ ਛੱਤੀਸਗੜ੍ਹ ਤੇ ਪਾਰਟੀ ਦੇ ਕਈ ਪ੍ਰਮੁੱਖ ਨੇਤਾਵਾਂ ‘ਤੇ ਗੰਭੀਰ ਦੋਸ਼ ਲਗਾਏ ਹਨ।
ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਕਾਂਗਰਸ ਦਫ਼ਤਰ ‘ਚ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ ਤੇ ਅਪਸ਼ਬਤ ਕਹੇ ਗਏ। ਭੁਪੇਸ਼ ਬਘੇਲ ਨੇ ਉਨ੍ਹਾਂ ਨੂੰ ਛੱਤੀਸਗੜ੍ਹ ਤੋਂ ਖਦੇੜ ਦਿੱਤਾ।
ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਲਿਖੇ ਅਸਤੀਫ਼ੇ ‘ਚ ਰਾਧਿਕਾ ਨੇ ਵੱਖ-ਵੱਖ ਅਹੁਦਿਆਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਰਾਧਿਕਾ ਖੇੜਾ ਨੇ ਇਹ ਵੀ ਦਾਅਵਾ ਕੀਤਾ ਕਿ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਪਾਰਟੀ ‘ਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਬਾਅਦ ‘ਚ ਉਨ੍ਹਾਂ ਨਾਲ ਅਸ਼ਲੀਲਤਾ ਵੀ ਕੀਤੀ ਗਈ।
ਰਾਏਪੁਰ ‘ਚ ਪਾਰਟੀ ਦਫਤਰ ‘ਚ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਾਂ ਕੌਸ਼ਲਿਆ ਦੇ ਨਾਨਕੇ ਘਰ (ਛੱਤੀਸਗੜ੍ਹ) ‘ਚ ਬੇਟੀ ਸੁਰੱਖਿਅਤ ਨਹੀਂ ਹੈ। ਰਾਧਿਕਾ ਨੇ ਐਤਵਾਰ ਨੂੰ ਆਪਣੇ ਅਸਤੀਫ਼ੇ ‘ਚ ਕਿਹਾ ਕਿ ਰਾਮ ਦੀ ਭਗਤ ਤੇ ਇੱਕ ਔਰਤ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਪਾਰਟੀ ਵਿੱਚ ਰਾਮਲਲਾ ਨੂੰ ਮਿਲਣ ਜਾਣ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਛੱਤੀਸਗੜ੍ਹ ਕਾਂਗਰਸ ਦੇ ਮੀਡੀਆ ਇੰਚਾਰਜ ਸੁਸ਼ੀਲ ਆਨੰਦ ਸ਼ੁਕਲਾ ਨੇ ਮੈਨੂੰ ਸ਼ਰਾਬ ਦੀ ਪੇਸ਼ਕਸ਼ ਕੀਤੀ ਤੇ 5-6 ਪਾਰਟੀ ਵਰਕਰਾਂ ਦੇ ਨਾਲ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੈਂ ਇਸ ਦੀ ਸੂਚਨਾ ਸਚਿਨ ਪਾਇਲਟ, ਦੀਪਕ ਬੈਜ ਤੇ ਜੈਰਾਮ ਰਮੇਸ਼, ਪਵਨ ਖੇੜਾ ਨੂੰ ਦਿੱਤੀ, ਪਰ ਕੁਝ ਨਹੀਂ ਹੋਇਆ। ਮੈਨੂੰ ਬਾਅਦ ‘ਚ ਅਹਿਸਾਸ ਹੋਇਆ ਕਿ ਮੈਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਕਿਉਂਕਿ ਮੈਂ ਪਾਰਟੀ ਦੀ ਹਿੰਦੂ ਵਿਰੋਧੀ ਵਿਚਾਰਧਾਰਾ ਦਾ ਪਾਲਣ ਨਹੀਂ ਕੀਤਾ ਸੀ।
ਰਾਧਿਕਾ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ ਕਈ ਹੋਰ ਆਗੂਆਂ ’ਤੇ ਗੰਭੀਰ ਦੋਸ਼ ਲਾਏ। ਨਾਲ ਹੀ ਕਿਹਾ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।
ਮੈਂ ਆਪਣੇ ਘਰ ਦੇ ਦਰਵਾਜ਼ੇ ‘ਤੇ ‘ਜੈ ਸ਼੍ਰੀ ਰਾਮ’ ਦਾ ਝੰਡਾ ਲਗਾ ਦਿੱਤਾ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਮੇਰੇ ਨਾਲ ਨਫ਼ਰਤ ਕਰਨ ਲੱਗੀ। ਜਦੋਂ ਵੀ ਮੈਂ ਤਸਵੀਰਾਂ ਜਾਂ ਵੀਡੀਓ ਪੋਸਟ ਕੀਤੇ, ਮੈਨੂੰ ਝਿੜਕਿਆ ਗਿਆ ਤੇ ਪੁੱਛਿਆ ਗਿਆ ਕਿ ਜਦੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ ਤਾਂ ਮੈਂ ਅਯੁੱਧਿਆ ਕਿਉਂ ਗਈ।