ਹੁਸ਼ਿਆਰਪਰ , ਬੋਲੇ ਪੰਜਾਬ ਬਿਉਰੋ: ਮੇਬਾ ਮਿਆਣੀ ਵਿਚ ਕਿਸਾਨ ਆਗੂ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਉਥੇ ਹੀ ਵਾਰਦਾਤ ਵਾਲੀ ਥਾਂ ਉਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਪੋਸਟਮਾਟਮ ਲਈ ਦਸੂਹਾ ਦੇ ਸਰਕਾਰੀ ਹਸਪਤਾਲ ਭੇਜ ਦਿੱਤੀ ਹੈ।
ਮ੍ਰਿਤਕ ਕਿਸਾਨ ਆਗੂ ਦੀ ਪਛਾਣ ਯੋਧਾ ਸਿੰਘ ਵਜੋਂ ਹੋਈ। ਜਾਣਕਾਰੀ ਅਨੁਸਾਰ ਯੋਧਾ ਸਿੰਘ ਬੀਤੇ ਕੱਲ ਸਵੇਰੇ ਕਰੀਬ 10 ਵਜੇ ਘਰੋਂ ਖੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਸੀ ਜਿਸ ਦਾ ਬਿਆਸ ਦਰਿਆ ਦੇ ਕਿਨਾਰੇ ਜੰਗਲ ਵਿੱਚ ਕਤਲ ਦਿੱਤਾ ਗਿਆ। ਪੁਲਿਸ ਨੇ ਘਟਨਾ ਸਥਾਨ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਯੋਧਾ ਸਿੰਘ ਹਮੇਸ਼ਾ ਨਸ਼ਾ ਤਸਕਰਾ ਅਤੇ ਸਮਾਜ ਵਿੱਚ ਗਲਤ ਅਨਸਰ ਹਨ ਉਨ੍ਹਾਂ ਖਿਲਾਫ ਖੁੱਲ੍ਹ ਕੇ ਬੋਲਦਾ ਰਹਿੰਦਾ ਸੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਸ਼ਾਇਦ ਇਸ ਕਾਰਨ ਉਸ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਮੌਕੇ ਉਪਰ ਪਹੁੰਚੇ ਐਸਪੀ ਡੀ ਸਰਵਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਨੂੰ ਅਲੱਗ-ਅਲੱਗ ਪਹਿਲੂਆਂ ਤੋਂ ਦੇਖ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਹਾਲ ਕਰ ਲਿਆ ਜਾਵੇਗਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਯੋਧਾ ਸਿੰਘ ਆਪਣੀ ਐਕਟਿਵਾ ‘ਤੇ ਘਰੋਂ ਨੇੜਲੇ ਜੰਗਲ ਦੇ ਨਾਲ ਲੱਗਦੇ ਖੇਤਾਂ ਨੂੰ ਪਾਣੀ ਦੇਣ ਲਈ ਨਿਕਲਿਆ ਸੀ। ਜਦੋਂ ਪਿੰਡ ਦਾ ਇੱਕ ਹੋਰ ਕਿਸਾਨ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਤਾਂ ਉੱਥੇ ਯੋਧਾ ਸਿੰਘ ਦੀ ਐਕਟਿਵਾ ਖੜ੍ਹੀ ਦਿਖਾਈ ਦਿੱਤੀ। ਜਦੋਂ ਕਿ ਯੋਧਾ ਸਿੰਘ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਆਖਰੀ ਸਾਹ ਲੈ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਇਸ ਸਾਰੀ ਘਟਨਾ ਨੂੰ ਸਮਝ ਪਾਉਂਦਾ ਯੋਧਾ ਸਿੰਘ ਦੀ ਮੌਤ ਹੋ ਗਈ।