ਭਵਾਨੀਗੜ੍ਹ, 4 ਮਈ, ਬੋਲੇ ਪੰਜਾਬ ਬਿਓਰੋ:
ਇੱਥੋਂ ਨੇੜਲੇ ਪਿੰਡ ਰਾਮਗੜ੍ਹ ਵਿੱਚ ਅੱਜ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਨਾੜ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਪਿੰਡ ਦੇ ਇੱਕ ਕੋਠੇ ਨੂੰ ਅੱਗ ਲੱਗਣ ਕਾਰਨ ਇੱਕ ਗਰੀਬ ਆਜੜੀ ਦੀਆਂ 60 ਤੋਂ ਵੱਧ ਭੇਡਾਂ-ਬੱਕਰੀਆਂ ਜਲ਼ ਕੇ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗਰੀਬ ਆਜੜੀ ਦੇ ਪੁੱਤਰ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਰਾਮਗੜ੍ਹ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀਆਂ ਬੱਕਰੀਆਂ ਅਤੇ ਭੇਡਾਂ ਨੂੰ ਚਰਾਉਣ ਲਈ ਲੈ ਕੇ ਗਿਆ ਸੀ।
ਦੁਪਹਿਰ ਵੇਲੇ ਤੇਜ਼ ਧੁੱਪ ਅਤੇ ਗਰਮੀ ਕਾਰਨ ਉਹ ਆਪਣੀਆਂ ਸਾਰੀਆਂ ਬੱਕਰੀਆਂ ਅਤੇ ਭੇਡਾਂ ਨੂੰ ਪਿੰਡ ਦੇ ਸਰਕਾਰੀ ਸਕੂਲ ਦੇ ਪਿੱਛੇ ਵਾੜੇ ਵਿੱਚ ਛੱਡ ਕੇ ਆਰਾਮ ਕਰਨ ਲਈ ਨੇੜੇ ਸਥਿਤ ਆਪਣੇ ਘਰ ਚਲਾ ਗਿਆ। ਇਸੇ ਦੌਰਾਨ ਪਿੰਡ ਦੀ ਨਹਿਰ ਦੇ ਕੰਢੇ ਸਥਿਤ ਖੇਤਾਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਖੇਤ ਵਿੱਚ ਲੱਗੀ ਅੱਗ ਨੇ ਉਸ ਦੀਆਂ ਬੱਕਰੀਆਂ ਅਤੇ ਭੇਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਅੱਗ ਦੀ ਇਸ ਘਟਨਾ ਵਿੱਚ ਉਸ ਦੀਆਂ 60 ਤੋਂ ਵੱਧ ਬੱਕਰੀਆਂ, ਭੇਡਾਂ ਅਤੇ ਉਨ੍ਹਾਂ ਦੇ ਬੱਚੇ ਸੜ ਗਏ।