ਚੰਡੀਗੜ੍ਹ, 4 ਮਈ, ਬੋਲੇ ਪੰਜਾਬ ਬਿਓਰੋ:
ਪੰਜਾਬ ‘ਚ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਭਾਵੇਂ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ ਪਰ ਆਉਣ ਵਾਲੇ ਦਿਨਾਂ ‘ਚ ਇਹ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰੇਗੀ। ਮੌਸਮ ਵਿਭਾਗ ਅਨੁਸਾਰ 9 ਮਈ ਤੱਕ ਪੰਜਾਬ ਦੇ ਕੁਝ ਇਲਾਕਿਆਂ ‘ਚ ਹੀਟ ਵੇਵ ਰਹਿਣ ਦੀ ਸੰਭਾਵਨਾ ਹੈ, ਜਦਕਿ ਇਸ ਤੋਂ ਬਾਅਦ 16 ਮਈ ਤੱਕ ਪੂਰੇ ਪੰਜਾਬ ‘ਚ ਗਰਮੀ ਦਾ ਕਹਿਰ ਜਾਰੀ ਰਹੇਗਾ, ਜਿਸ ਨਾਲ ਲੋਕਾਂ ਨੂੰ ਗਰਮੀ ਪ੍ਰੇਸ਼ਾਨ ਕਰੇਗੀ।
ਇਸ ਦੌਰਾਨ ਸੂਬੇ ‘ਚ ਤਾਪਮਾਨ 40 ਡਿਗਰੀ ਤੋਂ ਉਪਰ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ ਅਪ੍ਰੈਲ ਦਾ ਮਹੀਨਾ ਪਿਛਲੇ ਸਾਲ ਨਾਲੋਂ ਠੰਡਾ ਰਿਹਾ ਹੈ ਕਿਉਂਕਿ ਇਸ ਮਹੀਨੇ ਪੱਛਮੀ ਗੜਬੜੀ ਬਹੁਤ ਸਰਗਰਮ ਰਹੀ ਹੈ। ਮੌਸਮ ਵਿਭਾਗ ਅਨੁਸਾਰ 1 ਮਈ ਨੂੰ ਤਾਪਮਾਨ 29.6 ਡਿਗਰੀ ਦਰਜ ਕੀਤਾ ਗਿਆ ਸੀ ਅਤੇ 2 ਮਈ ਨੂੰ ਇਹ ਅਚਾਨਕ ਵਧ ਕੇ 34 ਡਿਗਰੀ ਹੋ ਗਿਆ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ ‘ਚ 2-4 ਡਿਗਰੀ ਦਾ ਅਚਾਨਕ ਵਾਧਾ ਆਉਣ ਵਾਲੇ ਦਿਨਾਂ ‘ਚ ਹੀਟ ਵੇਵ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।
ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ ਹੋਰ ਵਧੇਗਾ, ਜਿਸ ਕਾਰਨ ਗਰਮੀ ਦਾ ਕਹਿਰ ਜਾਰੀ ਰਹੇਗਾ।
ਮੌਸਮ ਵਿਭਾਗ ਨੇ ਇਸ ਦੌਰਾਨ ਬਾਹਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਦੌਰਾਨ ਗਰਮੀ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਕਰਮਚਾਰੀਆਂ ਨੂੰ ਗਰਮੀ ਤੋਂ ਬਚਣ ਲਈ ਆਪਣੇ ਸਿਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਨਿਯਮਤ ਅੰਤਰਾਲ ‘ਤੇ ਪਾਣੀ ਪੀਣਾ ਚਾਹੀਦਾ ਹੈ ਅਤੇ ਸਵੇਰੇ-ਸਵੇਰੇ ਆਪਣੇ ਕੰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੀਟ ਵੇਵ ਦਾ ਸਭ ਤੋਂ ਵੱਧ ਅਸਰ ਰਹਿੰਦਾ ਹੈ।