ਸ਼੍ਰੀਨਗਰ, 2 ਮਈ, ਬੋਲੇ ਪੰਜਾਬ ਬਿਓਰੋ:
ਅੱਤਵਾਦੀਆਂ ਦਾ ਤੰਤਰ ਖ਼ਤਮ ਕਰਨ ਲਈ ਪੁਲਿਸ ਨੇ ਮਕਬੂਜ਼ਾ ਕਸ਼ਮੀਰ ’ਚ ਲੁਕੇ ਬਾਰਾਮੁਲਾ ਜ਼ਿਲ੍ਹੇ ਦੇ ਸੱਤ ਅੱਤਵਾਦੀਆਂ ਦੀ ਅੱਠ ਕਨਾਲ ਤੇ ਛੇ ਮਰਲਾ (ਇਕ ਏਕੜ) ਜ਼ਾਇਦਾਦ ਕੁਰਕ ਕੀਤੀ ਹੈ। ਇਹ ਸਾਰੇ ਅੱਤਵਾਦੀ ਉੜੀ ਸੈਕਟਰ ’ਚ ਐੱਲਓਸੀ ਦੇ ਨਾਲ ਲੱਗਦੇ ਇਲਾਕਿਆਂ ਦੇ ਰਹਿਣ ਵਾਲੇ ਹਨ ਤੇ 15-20 ਸਾਲ ਤੋਂ ਮਕਬੂਜ਼ਾ ਕਸ਼ਮੀਰ ਜਾਂ ਫਿਰ ਪਾਕਿਸਤਾਨ ’ਚ ਬੈਠ ਕੇ ਭਾਰਤ ’ਚ ਅੱਤਵਾਦੀ ਨੈੱਟਵਰਕ ਚਲਾ ਰਹੇ ਹਨ।
ਇਨ੍ਹਾਂ ਸਾਰਿਆਂ ਦੇ ਖਿਲਾਫ਼ ਬੋਨੀਆਰ, ਉੜੀ ਪੁਲਿਸ ਸਟੇਸ਼ਨ ’ਚ ਹਿੰਸਾ, ਹੱਤਿਆ, ਦੇਸ਼ਧ੍ਰੋਹ, ਹਥਿਆਰਾਂ ਦੀ ਤਸਕਰੀ ਸਮੇਤ ਵੱਖ-ਵੱਖ ਮਾਮਲੇ ਦਰਜ ਹਨ।
ਪ੍ਰਸ਼ਾਸਨ ਨੇ ਅੱਤਵਾਦੀ ਤੇ ਵੱਖਵਾਦੀ ਤੰਤਰ ਖ਼ਤਮ ਕਰਨ ਲਈ ਪਿਛਲੇ ਚਾਰ ਸਾਲਾਂ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸਦੇ ਤਹਿਤ ਸੂਬੇ ’ਚ ਸਰਗਰਮ ਸਾਰੇ ਅੱਤਵਾਦੀਆਂ ਤੇ ਫ਼ਰਾਰ ਅੱਤਵਾਦੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਫੜਨ ਲਈ ਸਾਰੇ ਸੰਭਵ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸਹਿਯੋਗੀਆਂ ਦੀ ਵੀ ਪਛਾਣ ਕਰ ਕੇ ਗਿ੍ਰਫ਼ਤਾਰ ਕੀਤਾ ਜਾ ਰਿਹਾ ਹੈ।