ਅੰਮ੍ਰਿਤਸਰ, 2 ਮਈ, ਬੋਲੇ ਪੰਜਾਬ ਬਿਓਰੋ:
ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਅਫੀਮ ਸਪਲਾਈ ਕਰਨ ਵਾਲੇ ਲੈਬ ਟੈਕਨੀਸ਼ੀਅਨ ਜਸਦੀਪ ਸਿੰਘ ਨੂੰ ਇਸਲਾਮਾਬਾਦ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 149 ਗ੍ਰਾਮ ਅਫੀਮ, 8400 ਰੁਪਏ ਦੀ ਡਰੱਗ ਮਨੀ, ਜੇਲ੍ਹ ਵਿਭਾਗ ਦੇ ਨਾਂ ’ਤੇ ਬਣਿਆ ਜਾਅਲੀ ਸ਼ਨਾਖਤੀ ਕਾਰਡ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸੇ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀ ਅਵਤਾਰ ਸਿੰਘ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ। ਵਧੀਕ ਜੇਲ੍ਹ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਲੈਬ ਟੈਕਨੀਸ਼ੀਅਨ ਅਤੇ ਹਵਾਲਾਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜੇਲ੍ਹਾਂ ਅੰਦਰ ਲਗਾਤਾਰ ਨਸ਼ਿਆਂ ਦੀ ਬਰਾਮਦਗੀ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਹਰ ਰੋਜ਼ ਕਈ ਕੈਦੀਆਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਹਨ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੀ ਕਈ ਸਵਾਲਾਂ ਵਿੱਚ ਘਿਰ ਗਿਆ ਹੈ ਕਿ ਜੇਲ੍ਹਾਂ ਅੰਦਰ ਨਸ਼ਾ ਕਿਵੇਂ ਪਹੁੰਚਦਾ ਹੈ। ਇਸ ਤਰ੍ਹਾਂ ਪੁਲਿਸ ਨੇ ਉਕਤ ਨੂੰ ਗਿ੍ਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।