ਭਾਰਤੀ ਤੱਟ ਰੱਖਿਅਕਾਂ ਨੇ ਪਾਕਿਸਤਾਨੀ ਕਿਸ਼ਤੀ ਫੜੀ, 600 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ

ਚੰਡੀਗੜ੍ਹ ਨੈਸ਼ਨਲ ਪੰਜਾਬ


ਗਾਂਧੀਨਗਰ, 29 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਅਰਬ ਸਾਗਰ ’ਚ ਕਾਰਵਾਈ ਕਰਦਿਆਂ ਭਾਰਤੀ ਤੱਟ ਰੱਖਿਅਕਾਂ ਨੇ ਪਾਕਿਸਤਾਨੀ ਕਿਸ਼ਤੀ ਫੜੀ ਹੈ।ਇਸ ਕਿਸ਼ਤੀ ’ਚੋਂ 600 ਕਰੋੜ ਰੁਪਏ ਮੁੱਲ ਦੇ 86 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।ਮਿਲੀ ਜਾਣਕਾਰੀ ਅਨੁਸਾਰ ਕਿਸ਼ਤੀ ’ਚ ਸਵਾਰ 14 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਧੀ ਰਾਤ ਨੂੰ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਤਾਲਮੇਲ ਬਣਾ ਕੇ ਇਹ ਅਪਰੇਸ਼ਨ ਕੀਤਾ।ਭਾਰਤੀ ਤੱਟ ਰੱਖਿਅਕਾਂ ਨੇ ਸਮੁੰਦਰ ’ਚ ਖ਼ੁਫ਼ੀਆ ਸੂਚਨਾ ’ਤੇ ਆਧਾਰਿਤ ਨਾਰਕੋਟਿਕਸ ਵਿਰੋਧੀ ਅਪਰੇਸ਼ਨ ਚਲਾਇਆ।ਇਸ ਅਪਰੇਸ਼ਨ ਲਈ ਤੱਟ ਰੱਖਿਅਕ ਜਹਾਜ਼ਾਂ ਅਤੇ ਏਅਰਕ੍ਰਾਫਟ ਨੂੰ ਉਚੇਚੇ ਤੌਰ ’ਤੇ ਤਾਇਨਾਤ ਕੀਤਾ ਗਿਆ ਸੀ। ਸ਼ੱਕੀ ਕਿਸ਼ਤੀ ਦਾ ਪਤਾ ਲਾਉਣ ਲਈ ਜਹਾਜ਼ ਰਾਜਰਤਨ ਦੀ ਸਹਾਇਤਾ ਵੀ ਲਈ ਗਈ। ਤੱਟ ਰੱਖਿਅਕਾਂ ਨੇ ਕਿਹਾ ਕਿ ਨਸ਼ੇ ਦੀ ਖੇਪ ਲਿਆ ਰਹੀ ਕਿਸ਼ਤੀ ’ਚ ਸਵਾਰ ਲੋਕਾਂ ਨੇ ਖੁਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਹ ਜਹਾਜ਼ ਰਾਜਰਤਨ ’ਤੇ ਸਵਾਰ ਰੱਖਿਅਕਾਂ ਦੀ ਫੌਰੀ ਕਾਰਵਾਈ ਤੋਂ ਨਾ ਬਚ ਸਕੇ।ਜਦੋਂ ਜਹਾਜ਼ ਦੀ ਵਿਸ਼ੇਸ਼ ਟੀਮ ਨੇ ਸ਼ੱਕੀ ਬੋਟ ਦੀ ਤਲਾਸ਼ੀ ਲਈ ਤਾਂ ਉਸ ’ਚ ਵੱਡੀ ਗਿਣਤੀ ਨਸ਼ਾ ਹੋਣ ਦੀ ਪੁਸ਼ਟੀ ਹੋਈ। ਫੜੇ ਗਏ 14 ਵਿਅਕਤੀਆਂ ਨੂੰ ਪੋਰਬੰਦਰ ਲਿਆ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *