ਚੰਡੀਗੜ੍ਹ, 25 ਅਪਰੈਲ,ਬੋਲੇ ਪੰਜਾਬ ਬਿਓਰੋ:
ਕੇਂਦਰ ਸਰਕਾਰ ਨੇ ਪੰਜਾਬ ਕਾਂਗਰਸ ਦੇ ਤਿੰਨ ਸਾਬਕਾ ਨੇਤਾਵਾਂ ਜਿਨ੍ਹਾਂ ਵਿਚੋਂ ਦੋ ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋ ਗਏ ਸਨ, ਨੂੰ ਹਥਿਆਰਬੰਦ ਨੀਮ ਕਮਾਂਡੋਜ਼ ਦੀ ਵੀਆਈਪੀ ਸੁਰੱਖਿਆ ਛੱਤਰੀ ਮੁਹੱਈਆ ਕਰਵਾਈ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਖ਼ੂਫੀਆ ਏਜੰਸੀਆਂ ਵੱਲੋਂ ਵਿਕਰਮਜੀਤ ਸਿੰਘ ਚੌਧਰੀ, ਉਨ੍ਹਾਂ ਦੀ ਮਾਂ ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਨੂੰ ਖ਼ਤਰੇ ਦਾ ਖਦਸ਼ਾ ਪ੍ਰਗਟਾਉਣ ’ਤੇ ਤਿੰਨਾਂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਕਰਮਜੀਤ ਕੌਰ ਤੇ ਤੇਜਿੰਦਰ ਸਿੰਘ ਬਿੱਟੂ ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲੀਸ (ਸੀਆਰਪੀਐੱਫ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਕਤ ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ‘ਵਾਈ’ ਸ਼੍ਰੇਣੀ ਦੀ ਸੁੁਰੱਖਿਆ ਤਹਿਤ ਇਨ੍ਹਾਂ ਨੇਤਾਵਾਂ ਨਾਲ ਪੰਜਾਬ ਵਿੱਚ ਸਫ਼ਰ ਦੌਰਾਨ ਚਾਰ-ਪੰਜ ਹਥਿਆਰਬੰਦ ਕਮਾਂਡੋਜ਼ ਤਾਇਨਾਤ ਰਹਿਣਗੇ। ਸੀਆਰਪੀਐੱਫ ਵੱਲੋਂ ਜਲਦੀ ਹੀ ਤਿੰਨਾਂ ਨੇਤਾਵਾਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਕਥਿਤ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਮੁਅੱਤਲ ਕਰ ਦਿੱਤਾ ਸੀ। ਵਿਕਰਮਜੀਤ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਏ ਜਾਣ ’ਤੇ ਉਨ੍ਹਾਂ ਖ਼ਿਲਾਫ਼ ਕਥਿਤ ਟਿੱਪਣੀਆਂ ਕੀਤੀਆਂ ਸਨ।