ਵੋਟਾਂ ਮੰਗਣ ਆਉਣ ਤੇ ਸਤਾ ਧਿਰ ਦੇ ਉਮੀਦਵਾਰਾਂ ਦਾ ਡੱਟ ਕੇ ਕਰਾਂਗੇ ਵਿਰੋਧ – ਕੋਰਵਾਸ
ਮੋਹਾਲੀ 23 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਮੋਹਾਲੀ ਖੇਤਰ ਦੀਆਂ ਮੈਗਾ ਟਾਊਨਸ਼ਿਪਾਂ ਦੀਆਂ ਵੱਖ-ਵੱਖ 23 ਰੈਂਜੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਅਤੇ ਸੋਸਾਇਟੀਆਂ ਸਾਂਝੇ ਤੌਰ ਤੇ ਬਣਾਈ ਗਈ ਜਥੇਬੰਦੀ ਕਮੇਟੀ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ ਦੇ ਆਗੂਆਂ ਸਪ੍ਰਸਤ ਪਾਲ ਸਿੰਘ ਰੱਤੂ, ਪ੍ਰਧਾਨ ਰਾਜਵਿੰਦਰ ਸਿੰਘ ਸਰਾਓ, ਮਨੋਜ ਕੁਮਾਰ, ਗੌਰਵ ਗੋਇਲ, ਦਲਜੀਤ ਸਿੰਘ ਸੈਣੀ, ਕੰਵਰ ਸਿੰਘ ਗਿੱਲ, ਭੁਪਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਭੰਮਰਾਂ, ਅਨਿਲ ਪਰਾਸ਼ਰ, ਬੀ.ਆਰ ਕ੍ਰਿਸ਼ਨਾ, ਮੁਨੀਸ਼ ਕੁਮਾਰ ਬਾਂਸਲ ਅਤੇ ਹਰਬੰਸ ਸਿੰਘ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਵੱਖ-ਵੱਖ ਪ੍ਰਾਈਵੇਟ ਬਿਲਡਰਾਂ ਵੱਲੋਂ ਮੋਹਾਲੀ ਖੇਤਰ ਵਿੱਚ ਉਸਾਰੀਆਂ ਜਾ ਰਹੀਆਂ ਮੈਗਾ ਟਾਊਨਸ਼ਿਪਾਂ ਦੇ ਵਸਨੀਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਕੋਰਵਾਸ ਵੱਲੋਂ ਪਿਛਲੇ ਸਮੇਂ ਵਿੱਚ ਗਮਾਡਾ ਅਤੇ ਪੁੱਡਾ ਅਧਿਕਾਰੀਆਂ ਦੇ ਨਾਲ-ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਮੁੱਖ ਸਕੱਤਰ ਪੰਜਾਬ ਅਤੇ ਹਾਊਸਿੰਗ ਸੈਕਟਰੀ ਪੰਜਾਬ ਨੂੰ ਬਹੁਤ ਸਾਰੇ ਲਿਖਤੀ ਮੰਗ ਪੱਤਰ ਭੇਜੇ ਗਏ ਪਰ ਕਿਸੇ ਵੀ ਏਜੰਸੀ ਵੱਲੋਂ ਇਹਨਾਂ ਵਸਨੀਕਾਂ ਦੀਆਂ ਮੰਗਾਂ ਤੇ ਧਿਆਨ ਨਹੀ ਦਿੱਤਾ ਗਿਆ। ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀ ਬਿਲਡਰਾਂ ਵਿਰੁੱਧ ਕੋਈ ਵੀ ਕਾਰਵਾਈ ਨਹੀ ਕਰ ਸਕਦੇ ਜਦ ਕਿ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਬਿਲਡਰਾਂ ਨੂੰ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਜਿਹਨਾਂ ਦੀ ਵਰਤੋਂ ਕਰਕੇ ਬਿਲਡਰ ਆਮ ਲੋਕਾਂ ਦੀ ਲੁੱਟ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਇਹਨਾਂ ਟਾਊਨਸ਼ਿਪਾਂ ਵਿੱਚ ਲੱਗਭਗ 60,000 ਵੋਟਰ ਰਹਿ ਰਹੇ ਹਨ ਜੋ ਕਿ ਲੋਕ ਸਤਾ ਦੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਕਰਨ ਦੇ ਸਮਰੱਥ ਹਨ। ਗਮਾਡਾ/ਪੁੱਡਾ ਵਿੱਚ ਬਹੁਤ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਜਿਸ ਦੀਆਂ ਉਦਾਹਰਨਾਂ ਪਹਿਲਵਾਨ ਸੁਰਿੰਦਰਪਾਲ ਸਿੰਘ, ਅਮਰੂਦਾਂ ਦੇ ਬਾਗਾਂ ਦਾ ਮਸਲਾ ਅਤੇ ਹੁਣੇ-ਹੁਣੇ ਵਿਜ਼ੀਲੈਂਸ ਬਿਉਰੋ ਵੱਲੋਂ ਅਰੈਸਟ ਕੀਤੇ ਗਏ ਮੁੱਖ ਟਾਊਨ ਪਲੈਨਰ ਹਨ। ਗਮਾਡਾ/ਪੁੱਡਾ ਦੇ ਦਫਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਕਰਵਾਉਣੀ ਬਣਦੀ ਹੈ। ਗਮਾਡਾ/ਪੁੱਡਾ ਦੇ ਅਧਿਕਾਰੀਆਂ ਵੱਲੋਂ ਬਿਲਡਰਾਂ ਵਿਰੁੱਧ ਕਾਰਵਾਈ ਨਾ ਕਰਨ ਤੋਂ ਪਤਾ ਲੱਗਦਾ ਹੈ ਕਿ ਬਿਲਡਰ ਇਹਨਾਂ ਦੀ ਮਿਲੀ ਭੁਗਤ ਨਾਲ ਹੀ ਲੁੱਟ ਕਰ ਰਹੇ ਹਨ। ਬਿਜਲੀ ਬੋਰਡ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਪ੍ਰਵਾਨਗੀਆਂ ਦੀ ਜਾਂਚ ਹੋਣੀ ਵੀ ਅਤੀ ਜਰੂਰੀ ਹੈ। ਇਹ ਸਾਰੇ ਮਿਲ ਕੇ ਹੀ ਇੱਥੋਂ ਦੇ ਵਸਨੀਕਾਂ ਦੀ ਲੁੱਟ ਕਰ ਰਹੇ ਹਨ। ਗਮਾਡਾ/ਪੁੱਡਾ ਦੇ ਅਧਿਕਾਰੀਆਂ ਵੱਲੋਂ ਬਿਲਡਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਉਹਨਾਂ ਦੀਆਂ ਖਾਮੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਿਫਾਲਟਰ ਬਿਲਡਰ ਨਵੇਂ ਨਾਵਾਂ ਹੇਠ ਨਵੇਂ ਲਾਈਸੰਸ ਲੈਣ ਵਿੱਚ ਕਾਮਯਾਬ ਹੋ ਰਹੇ ਹਨ ਜਦ ਕਿ ਗਮਾਡਾ ਪ੍ਰਤੀ ਉਹਨਾਂ ਦੀਆਂ ਦੇਣਦਾਰੀਆਂ ਖੜੀਆਂ ਹਨ। ਬਿਲਡਰਾਂ ਵੱਲੋਂ ਗਮਾਡਾ ਦੀ ਨਿਰਧਾਰਿਤ ਰਾਸ਼ੀ ਦੀ ਬਜਾਏ ਆਪਣੀ ਮਨ ਮਰਜ਼ੀ ਅਨੁਸਾਰ ਈ.ਡੀ.ਸੀ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ। ਫਿਰ ਵੀ ਬਹੁਤ ਸਾਰੇ ਬਿਲਡਰਾਂ ਨੇ ਈ.ਡੀ.ਸੀ ਦੀ ਰਾਸ਼ੀ ਗਮਾਡਾ ਵਿੱਚ ਜਮ੍ਹਾ ਨਹੀ ਕਰਵਾਈ ਹੈ। ਜਿਹਨਾਂ ਬਿਲਡਰਾਂ ਨੇ ਰਾਸ਼ੀ ਜਮ੍ਹਾ ਕਰਵਾਈ ਹੈ, ਗਮਾਡਾ ਵੱਲੋਂ ਉਹ ਰਾਸ਼ੀ ਵੀ ਇਹਨਾਂ ਸੈਕਟਰਾਂ ਤੇ ਖਰਚਣ ਦੀ ਬਜਾਏ ਹੋਰਨਾਂ ਸਾਈਟਾਂ ਤੇ ਖਰਚ ਕਰ ਦਿੱਤੀ ਗਈ ਹੈ ਜਦਕਿ ਇਹਨਾਂ ਪ੍ਰਾਈਵੇਟ ਸੈਕਟਰਾਂ ਤੋਂ ਮੋਹਾਲੀ ਨੂੰ ਜੋੜਦੀਆਂ ਕੁੱਝ ਸੜਕਾਂ ਅਧੂਰੀਆਂ ਪਈਆਂ ਹਨ ਅਤੇ ਕੁੱਝ ਸੜਕਾਂ ਬਿਲਕੁੱਲ ਬਣੀਆਂ ਹੀ ਨਹੀ ਹਨ।
ਕੋਰਵਾਸ ਵੱਲੋਂ ਫੈਸਲਾਂ ਕੀਤਾ ਗਿਆ ਹੈ ਕਿ ਮੋਜੂਦਾ ਸਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਇਹਨਾਂ ਟਾਊਨਸ਼ਿਪਾਂ ਵਿੱਚ ਵੋਟਾਂ ਮੰਗਣ ਲਈ ਦਾਖਲ ਨਹੀ ਹੋਣ ਦਿੱਤਾ ਜਾਵੇਗਾ ਅਤੇ ਡੱਟ ਕੇ ਇਹਨਾਂ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ। ਇਹਨਾਂ ਟਾਊਨਸ਼ਿਪਾਂ ਦੇ ਮੁੱਖ ਰਸਤਿਆਂ ਅਤੇ ਮੋਹਾਲੀ ਵਿੱਚ ਵੱਡੇ ਪੱਧਰ ਤੇ ਸਰਕਾਰ ਨੂੰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਫਲੈਕਸ ਬੋਰਡ ਲਗਾਏ ਜਾਣਗੇ ਤਾਂ ਕਿ ਇਹਨਾਂ ਵਸਨੀਕਾਂ ਦੀਆਂ ਮੰਗਾਂ ਤੇ ਸਰਕਾਰ ਸੰਜੀਦੀਗੀ ਨਾਲ ਵਿਚਾਰ ਕਰੇ। ਇਸ ਮੌਕੇ ਸੁਮਿਕਸ਼ਾ ਸੂਦ, ਸਾਧੂ ਸਿੰਘ, ਜਸਵੀਰ ਸਿੰਘ ਗੜਾਂਗ, ਜਸਜੀਤ ਸਿੰਘ ਮਿਨਹਾਸ, ਸੁਰਿੰਦਰ ਸਿੰਘ, ਸੰਤ ਸਿੰਘ, ਸੁਰਿੰਦਰਪਾਲ ਸਿੰਘ ਵੀ ਹਾਜਰ ਸਨ।