ਨਾਭਾ, 21 ਮਾਰਚ, ਬੋਲੇ ਪੰਜਾਬ ਬਿਊਰੋ
ਨਾਭਾ ਦੀ ਡਿਫੈਂਸ ਕਲੋਨੀ ਵਿਖੇ ਪੀਐਸਪੀਸੀਐਲ ਦੇ ਸਹਾਇਕ ਲਾਈਨਮੈਨ ਰਾਜੀਵ ਕੁਮਾਰ ਦੀ ਬਿਜਲੀ ਦੀ ਮੁਰੰਮਤ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਰਾਜੀਵ ਕੰਮ ਕਰਦੇ ਹੋਏ ਖੰਭੇ ਤੋਂ ਡਿੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਛੱਡ ਗਿਆ। ਪਰਿਵਾਰ ਨੇ ਸਰਕਾਰ ਕੋਲ ਮਾਲੀ ਮਦਦ ਅਤੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।ਇਸ ਘਟਨਾ ’ਤੇ ਕਰਮਚਾਰੀ ਯੂਨੀਅਨ ਨੇ ਵੀ ਦੁਖ ਪ੍ਰਗਟ ਕੀਤਾ ਅਤੇ ਸਰਕਾਰ ਤੋਂ ਪਰਿਵਾਰ ਦੀ ਸਹਾਇਤਾ ਦੀ ਮੰਗ ਕੀਤੀ। ਐਸਡੀਓ ਨੇ ਦੱਸਿਆ ਕਿ ਟੀਮ ਬਿਜਲੀ ਦੀ ਮੁਰੰਮਤ ਕਰ ਰਹੀ ਸੀ ਤੇ ਇਹ ਹਾਦਸਾ ਵਾਪਰ ਗਿਆ। ਹਸਪਤਾਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮੌਤ ਕਰੰਟ ਲੱਗਣ ਨਾਲ ਹੋਈ ਹੈ।