ਤਾਰਾਗੜ੍ਹ, 21 ਮਾਰਚ,ਬੋਲੇ ਪੰਜਾਬ ਬਿਊਰੋ :
ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਪੁਰਾਣਾ ਤਾਰਾਗੜ੍ਹ ’ਚ ਇੱਕ ਖ਼ੌਫ਼ਨਾਕ ਘਟਨਾ ਵਾਪਰੀ, ਜਿਥੇ ਸਾਬਕਾ ਫ਼ੌਜੀ ਕਮਲਦੀਪ ਸ਼ਰਮਾ ਨੇ ਨਸ਼ੇ ਦੀ ਲਤ ਕਾਰਨ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਮਿ੍ਤਕਾ ਦੇ ਭਰਾ ਬਸੰਤ ਸਿੰਘ ਨੇ ਦੱਸਿਆ ਕਿ ਕਮਲਦੀਪ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਸੀ ਅਤੇ ਨਸ਼ੇ ਦਾ ਆਦੀ ਹੋਣ ਕਰਕੇ ਅਕਸਰ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਪਰਿਵਾਰ ਨੇ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀਆਂ ਆਦਤਾਂ ਨਹੀਂ ਛੱਡੀਆਂ।
ਮਿ੍ਤਕਾ ਦੀ ਧੀ ਰਿਧੀਮਾ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਰਾਤ 12 ਵਜੇ ਘਰ ਵਿੱਚ ਝਗੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ। ਕੁਝ ਦੇਰ ਬਾਅਦ, ਪਿਤਾ ਨੇ ਕਮਰੇ ਵਿੱਚ ਆ ਕੇ ਕਿਹਾ ਕਿ ਉਸ ਦੀ ਮਾਂ ਨੂੰ ਕੁਝ ਹੋ ਗਿਆ ਹੈ। ਜਦੋਂ ਉਹ ਮਾਂ ਕੋਲ ਪਹੁੰਚੀ, ਤਾਂ ਮਾਂ ਨੇ ਇਸ਼ਾਰਿਆਂ ਨਾਲ ਦੱਸਿਆ ਕਿ ਪਿਤਾ ਨੇ ਉਸ ਦਾ ਗਲਾ ਘੁੱਟ ਦਿੱਤਾ ਹੈ।
ਉਸ ਨੇ ਤੁਰੰਤ ਗੁਆਂਢੀਆਂ ਨੂੰ ਸੂਚਿਤ ਕੀਤਾ, ਪਰ ਹਸਪਤਾਲ ਪਹੁੰਚਣ ਤਕ ਉਸ ਦੀ ਮਾਂ ਦੀ ਮੌਤ ਹੋ ਚੁਕੀ ਸੀ। ਤਾਰਾਗੜ੍ਹ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਕਮਲਦੀਪ ਸ਼ਰਮਾ ਨੂੰ ਗਿਰਫ਼ਤਾਰ ਕਰ ਲਿਆ ਹੈ।
