ਫਿਰੋਜ਼ਪੁਰ, 19 ਮਾਰਚ,ਬੋਲੇ ਪੰਜਾਬ ਬਿਊਰੋ:
ਥਾਣਾ ਮਮਦੋਟ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਤਿੰਨ ਤਸਕਰਾਂ ਨੂੰ 1 ਕਿਲੋ 647 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਭਿਨਵ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਚੈਕਿੰਗ ਦੇ ਸਬੰਧ ਵਿਚ ਬੀਡੀਪੀਓ ਦਫਤਰ ਮਮਦੋਟ ਕੋਲ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਉਰਫ ਕੁਲਵਿੰਦਰ ਸਿੰਘ ਵਾਸੀ ਪੋਜੋ ਕੇ ਉਤਾੜ ਜੋ ਹੈਰੋਇਨ ਵੇਚਦਾ ਹੈ, ਜਿਸ ’ਤੇ ਪਹਿਲਾਂ ਵੀ ਐੱਨਡੀਪੀਐੱਸ ਐਕਟ ਅਧੀਨ ਮੁਕੱਦਮੇ ਦਰਜ ਹਨ, ਜਿਸ ਨੇ ਅੱਜ ਵੀ ਇੰਡੋ-ਪਾਕਿ ਬਾਰਡਰ ਨਾਲ ਲੱਗੇ ਪਿੰਡ ਜੱਲੋ ਕੇ ਖੇਤਾਂ ਵਿਚ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਮੰਗਵਾਈ ਹੈ ਤੇ ਆਪਣੇ ਸਾਥੀਆਂ ਚਰਨਜੀਤ ਸਿੰਘ ਉਰਫ ਚੰਨੂ ਪੁੱਤਰ ਦੇਸਾ ਸਿੰਘ ਵਾਸੀ ਪਿੰਡ ਪੋਜੋ ਕੇ ਉਤਾੜ ਅਤੇ ਅਕਾਸ਼ਵੀਰ ਸਿੰਘ ਉਰਫ ਗਗਨ ਪੁੱਤਰ ਪ੍ਰੀਤਮ ਸਿੰਘ ਵਾਸੀ ਬੂਹ ਗੁੱਜਰ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲ ਕੇ ਜੱਲੋ ਕੇ ਖੇਤਾਂ ਵਿਚੋਂ ਡਰੋਨ ਰਾਹੀਂ ਮੰਗਵਾਈ ਹੋਈ ਹੈਰੋਇਨ ਚੁੱਕਣ ਦੀ ਤਾਕ ਵਿਚ ਆਸ-ਪਾਸ ਘੁੰਮ ਰਹੇ ਹਨ। ਜੇਕਰ ਉਨ੍ਹਾਂ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਤੋਂ 1 ਕਿਲੋ 647 ਗ੍ਰਾਮ ਹੈਰੋਇਨ ਸਮੇਤ ਪੈਕਿੰਗ ਮਟੀਰੀਅਲ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਉਕਤ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।
