ਤਰਨਤਾਰਨ, 18 ਮਾਰਚ, ਬੋਲੇ ਪੰਜਾਬ ਬਿਊਰੋ :
ਤਰਨਤਾਰਨ ਪੁਲਿਸ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਨਸ਼ਾ ਅਤੇ ਹਥਿਆਰ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਚਾਰ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕੀਤਾ। ਮੁਕਾਬਲੇ ਦੌਰਾਨ ਦੋ ਤਸਕਰ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਗਿਰੋਹ ਕੋਲੋਂ 7 ਕਿੱਲੋ ਅਫੀਮ, ਤਿੰਨ ਪਿਸਟਲ ਅਤੇ ਇਕ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਗ੍ਰਿਫਤਾਰ ਤਸਕਰਾਂ ਵਿੱਚ ਵਰਿੰਦਰ ਸਿੰਘ, ਗੁਰਜੰਟ ਸਿੰਘ, ਸਤਨਾਮ ਸਿੰਘ ਸਾਗਰ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰ ਮੰਗਵਾਏ ਸਨ।
ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਮੁਕਾਬਲੇ ਦੌਰਾਨ ਦੋ ਤਸਕਰਾਂ ਨੂੰ ਜਖ਼ਮੀ ਹਾਲਤ ਵਿੱਚ ਅਤੇ ਦੋ ਹੋਰਾਂ ਨੂੰ ਭੱਜਣ ਦੀ ਕੋਸ਼ਿਸ਼ ਦੌਰਾਨ ਫੜ ਲਿਆ। ਉਨ੍ਹਾਂ ਖਿਲਾਫ਼ ਥਾਣਾ ਝਬਾਲ ਵਿੱਚ ਕੇਸ ਦਰਜ ਕਰਕੇ ਜਾਂਚ ਜਾਰੀ ਹੈ।
