ਦਰਜਨ ਤੋਂ ਵੱਧ ਆਖੰਡ ਪਾਠਾਂ ਦੇ ਪਏ ਭੋਗ
ਦੰਦਾਂ ਦੇ ਮੁਫ਼ਤ ਜਾਂਚ ਅਤੇ ਇਲਾਜ ਕੈਂਪ ਵਿੱਚ ਦਰਜਨਾਂ ਮਰੀਜ਼ਾਂ ਦੇ ਦੰਦਾਂ ਦੀ ਜਾਂਚ
ਐਸ.ਏ.ਐਸ.ਨਗਰ(ਮੁਹਾਲੀ), 15 ਮਾਰਚ ,ਬੋਲੇ ਪੰਜਾਬ ਬਿਊਰੋ :
ਨਜ਼ਦੀਕੀ ਪਿੰਡ ਰੁਡ਼ਕਾ ਵਿਖੇ ਗੁਰਦੁਆਰਾ ਧੰਨਾ ਭਗਤ ਸਾਹਿਬ ਵਿਖੇ ਸੰਤ ਬਾਬਾ ਲਾਲ ਸਿੰਘ ਕਾਰ ਸੇਵਾ ਵਾਲਿਆਂ ਦੀ ਯਾਦ ਵਿੱਚ 29ਵਾਂ ਸਾਲਾਨਾ ਗੁਰਮਿਤ ਸਮਾਗਮ ਆਯੋਜਿਤ ਕੀਤਾ ਗਿਆ। ਬੀਬੀ ਨਛੱਤਰ ਕੌਰ, ਭਾਈ ਹਰਦੀਪ ਸਿੰਘ ਅਤੇ ਬੀਬਾ ਗੁਰਸਿਮਰਨ ਕੌਰ ਦੀ ਦੇਖ-ਰੇਖ ਹੇਠ ਤਿੰਨ ਦਿਨ ਚੱਲੇ ਇਸ ਧਾਰਮਿਕ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦਰਜਨ ਤੋਂ ਵੱਧ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਇਸ ਮੌਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਦੀਵਾਨ ਲਗਾਇਆ। ਉਨ੍ਹਾਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੁਡ਼ਨ ਅਤੇ ਅੰਮ੍ਰਿਤਧਾਰੀ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੰਤ ਮਨਜੀਤ ਸਿੰਘ ਛੰਨਾ ਵਾਲਿਆਂ ਅਤੇ ਸੰਤ ਸੁਰਿੰਦਰ ਸਿੰਘ ਨੇ ਵੀ ਸੰਗਤਾਂ ਨੂੰ ਗੁਰਬਾਣੀ ਸ਼ਬਦਾਂ ਦੇ ਨਾਲ ਨਾਲ ਸਵਰਗੀ ਸੰਤ ਲਾਲ ਸਿੰਘ ਅਤੇ ਸੰਤ ਦਰਸ਼ਨ ਸਿੰਘ ਦੇ ਜੀਵਨ ਕਾਰਜਾਂ ਤੋਂ ਵੀ ਜਾਣੂ ਕਰਾਇਆ। ਭਾਈ ਅਵਤਾਰ ਸਿੰਘ ਆਲਮ ਵੱਲੋਂ ਕੀਰਤਨ ਕੀਤਾ ਗਿਆ। ਗੁਰਮੀਤ ਸਿੰਘ ਝਾਮਪੁਰ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਸੁਣਾਈਆਂ ਗਈਆਂ।
ਇਸ ਮੌਕੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਡਾਕਟਰਾਂ ਨੇ ਪੰਜਾਹ ਤੋਂ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਖੂਨ ਦਾਨ ਕੈਂਪ ਲਿਵਾਸਾ ਹਸਪਤਾਲ ਦੀ ਡਾਕਟਰੀ ਟੀਮ ਨੇ 60 ਦਾਨੀਆਂ ਤੋਂ ਖੂਨ ਇਕੱਤਰ ਕੀਤਾ। ਬੀਬੀ ਨਛੱਤਰ ਕੌਰ ਵੱਲੋਂ ਧਾਰਮਿਕ, ਸਮਾਜਿਕ ਸਖ਼ਸ਼ੀਅਤਾਂ ਤੋਂ ਇਲਾਵਾ ਸੇਵਾਦਾਰਾਂ ਅਤੇ ਡਾਕਟਰੀ ਟੀਮਾਂ ਦਾ ਸਨਮਾਨ ਵੀ ਕੀਤਾ ਗਿਆ।