ਨਵੀਂ ਦਿਲੀ 15 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਯਾਨੀ SSOC ਮੋਹਾਲੀ ਦੀ ਟੀਮ ਨੇ ਪਾਕਿਸਤਾਨ ਵਿੱਚ ਬੈਠੇ ISI ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਵਿੱਚ ਦੋ ਮੁਲਜ਼ਮ ਮਹਾਰਾਸ਼ਟਰ ਅਤੇ ਇੱਕ ਮੁਲਜ਼ਮ ਰੋਪੜ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪੰਪ ਐਕਸ਼ਨ ਗੰਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਜਲਦ ਹੀ ਪੁਲਿਸ ਤਿੰਨਾਂ ਦੋਸ਼ੀਆਂ ਨੂੰ ਮੋਹਾਲੀ ਦੀ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ- ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਮੋਹਾਲੀ ਨੇ ਪਾਕਿਸਤਾਨ ਸਥਿਤ BKI ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨੈੱਟਵਰਕ ਦੇ ਇੱਕ ਵੱਡੇ ਮਾਡਿਊਲ ਨੂੰ ਨਸ਼ਟ ਕਰ ਦਿੱਤਾ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੱਗੀ ਵਾਸੀ ਨਾਂਦੇੜ, ਮਹਾਰਾਸ਼ਟਰ, ਸ਼ੁਭਮ ਵਾਸੀ ਨਾਂਦੇੜ ਅਤੇ ਗੁਰਦੀਪ ਸਿੰਘ ਉਰਫ ਦੀਪਾ ਵਾਸੀ ਨੂਰਪੁਰ ਬੇਦੀ, ਰੋਪੜ ਵਜੋਂ ਹੋਈ ਹੈ। ਡੀਜੀਪੀ ਯਾਦਵ ਨੇ ਕਿਹਾ ਕਿ ਜਗਜੀਤ ਉਰਫ਼ ਜੱਗੀ ਨੇ ਨਾਂਦੇੜ ਵਿੱਚ 10 ਫਰਵਰੀ ਨੂੰ ਹੋਏ ਕਤਲੇਆਮ ਵਿੱਚ ਸ਼ਾਮਲ ਸ਼ੂਟਰਾਂ ਲਈ ਲੌਜਿਸਟਿਕਸ, ਸੁਰੱਖਿਅਤ ਪਨਾਹਗਾਹਾਂ ਅਤੇ ਤਾਲਮੇਲ ਦੀ ਸਹੂਲਤ ਦਿੱਤੀ ਸੀ।