ਪਰਿਵਾਰ ਨੇ ਗੁਆਂਢੀ ਤੇ ਉਸਦੇ ਸਾਥੀਆਂ ‘ਤੇ ਲਗਾਏ ਪਲਾਟ ‘ਤੇ ਕਬਜ਼ਾ ਕਰਨ, ਧਮਕੀਆਂ ਦੇਣ ਤੇ ਹਮਲਾ ਕਰਨ ਦੇ ਦੋਸ਼

ਚੰਡੀਗੜ੍ਹ

ਨਾਬਾਲਗ ਭਤੀਜੀ ਦੀ ਕੁੱਟਮਾਰ ਕਰ ਜ਼ਖਮੀ ਕੀਤਾ ਤੇ ਪਤੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ : ਸੋਨੀਆ ਸ਼ਰਮਾ

ਚੰਡੀਗੜ੍ਹ, 13 ਮਾਰਚ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)

ਮੰਡੀ ਗੋਬਿੰਦਗੜ੍ਹ ਦੇ ਵਸਨੀਕ ਪ੍ਰਿੰਸ ਸ਼ਰਮਾ, ਨਰੇਸ਼ ਕੁਮਾਰੀ ਅਤੇ ਸੋਨੀਆ ਸ਼ਰਮਾ ਨੇ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰ ਦੀਪਕ ਮਲਹੋਤਰਾ ਤੇ ਆਜ਼ਾਦ ਕੌਸ਼ਲ ਵਾਸੀ ਫ਼ਤਹਿਗੜ੍ਹ ਸਾਹਿਬ ‘ਤੇ ਉਨ੍ਹਾਂ ਦੇ ਪਲਾਟ ‘ਤੇ ਕੀਤੀ ਗਈ ਉਸਾਰੀ ਨੂੰ ਢਾਹੁਣ ਤੇ ਧਮਕੀਆਂ ਦੇਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੋਨੀਆ ਸ਼ਰਮਾ ਨੇ ਦੱਸਿਆ ਕਿ ਉਸ ਨੇ ਮੰਡੀ ਗੋਬਿੰਦਗੜ੍ਹ ਵਿੱਚ ਘਰ ਬਣਾਉਣ ਲਈ ਇੱਕ ਪਲਾਟ ਖਰੀਦ ਕੇ ਉਸ ‘ਤੇ ਉਸਾਰੀ ਦਾ ਕੰਮ ਸ਼ੁਰੂ ਕਰ ਕੀਤਾ ਸੀ। ਉਸ ਨੇ ਦੱਸਿਆ ਕਿ ਉਸਦੇ ਪਲਾਟ ਦੇ ਸਾਹਮਣੇ ਦੀਪਕ ਮਲਹੋਤਰਾ ਨਾਮਕ ਵਿਅਕਤੀ ਰਹਿੰਦਾ ਹੈ, ਜੋ ਸਾਡੇ ‘ਤੇ ਪਲਾਟ ਵੇਚਣ ਲਈ ਦਬਾਅ ਪਾ ਰਿਹਾ ਸੀ। ਜਦੋਂ ਅਸੀਂ ਪਲਾਟ ਵੇਚਣ ਤੋਂ ਮਨ੍ਹਾ ਕਰ ਦਿੱਤਾ, ਤਾਂ ਉਸਨੇ ਆਪਣੀ ਉਸਾਰੀ ਸਮੱਗਰੀ ਨੂੰ ਗੈਰ-ਕਾਨੂੰਨੀ ਢੰਗ ਨਾਲ ਪਲਾਟ ਵਿੱਚ ਰੱਖ ਕੇ ਪਲਾਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।

ਉਸ ਨੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸਨੇ ਪਲਾਟ ਤੋਂ ਆਪਣਾ ਸਮਾਨ ਹਟਾ ਦਿੱਤਾ। ਜਦੋਂ ਉਸਨੇ ਆਪਣੇ ਪਲਾਟ ਵਿੱਚ ਉਸਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਦੀਪਕ ਮਲਹੋਤਰਾ ਨੇ ਆਪਣੇ ਸਾਥੀ ਆਜ਼ਾਦ ਕੌਸ਼ਲ ਤੇ 10-15 ਹਥਿਆਰਬੰਦ ਬੰਦਿਆਂ ਨਾਲ ਮਿਲ ਕੇ ਉਸਾਰੀ ਨੂੰ ਢਾਹ ਦਿੱਤਾ ਅਤੇ ਸਾਡੇ ਪਲਾਟ ਦੇ ਸਾਹਮਣੇ ਸ਼ਰਾਬ ਪੀਂਦੇ ਹੋਏ ਸਾਨੂੰ ਧਮਕੀਆਂ ਦਿੱਤੀਆਂ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ, ਜਿਸ ਤੋਂ ਬਾਅਦ 16 ਫਰਵਰੀ, 2025 ਨੂੰ ਆਜ਼ਾਦ ਕੌਸ਼ਲ ਤੇ ਸੁਖਪ੍ਰੀਤ ਸਿੰਘ ਵਿਰੁੱਧ ਐਫਆਈਆਰ ਨੰਬਰ 32 ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਸਬੂਤਾਂ ਦੇ ਬਾਵਜੂਦ ਮੁੱਖ ਦੋਸ਼ੀ ਦੀਪਕ ਮਲਹੋਤਰਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ 16 ਫਰਵਰੀ ਤੋਂ ਬਾਅਦ ਦੀਪਕ ਮਲਹੋਤਰਾ ਤੇ ਆਜ਼ਾਦ ਕੌਸ਼ਲ ਦੋਵੇਂ ਸਾਨੂੰ ਪਰੇਸ਼ਾਨ ਕਰਦੇ ਰਹੇ ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦੇ ਰਹੇ। ਅਸੀਂ ਸਥਾਨਕ ਪੁਲਿਸ ਸਟੇਸ਼ਨ, ਡੀਐਸਪੀ ਅਮਲੋਹ, ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਸ਼ਿਕਾਇਤ ਦਿੱਤੀ ਅਤੇ 27 ਫਰਵਰੀ ਤੇ 1 ਮਾਰਚ ਨੂੰ ਪੰਜਾਬ ਡੀਜੀਪੀ ਪੋਰਟਲ ‘ਤੇ ਕਈ ਸ਼ਿਕਾਇਤਾਂ ਦਰਜ ਕਰਵਾਈਆਂ, ਜਿਨ੍ਹਾਂ ਨੂੰ ਡੀਐਸਪੀ ਫਤਿਹਗੜ੍ਹ ਸਾਹਿਬ ਅਤੇ ਡੀਐਸਪੀ ਅਮਲੋਹ ਨੂੰ ਭੇਜ ਦਿੱਤਾ ਗਿਆ ਸੀ, ਪਰ ਇਨ੍ਹਾਂ ਸ਼ਿਕਾਇਤਾਂ ਨੂੰ ਬਿਨਾਂ ਕਿਸੇ ਕਾਰਵਾਈ ਕੀਤਿਆਂ ‘ਹੱਲ ਕੀਤਾ’ ਦਿਖਾਇਆ ਗਿਆ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਦੋਸ਼ੀ ਸਾਡੇ ਘਰ ਦੇ ਸਾਹਮਣੇ ਖੁੱਲ੍ਹੇਆਮ ਸ਼ਰਾਬ ਪੀ ਕੇ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਬਕਾਰੀ ਤੇ ਕਰ ਵਿਭਾਗ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ।

ਉਸਨੇ ਕਿਹਾ ਕਿ ਹਾਲ ਹੀ ਵਿੱਚ, ਦੋਸ਼ੀ ਆਜ਼ਾਦ ਕੌਸ਼ਲ ਨੇ ਮੇਰੇ ਪਤੀ ਨੂੰ ਕਾਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਸੀਸੀਟੀਵੀ ਫੁਟੇਜ ਉਪਲਬਧ ਹੈ, ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਸੋਨੀਆ ਸ਼ਰਮਾ ਨੇ ਕਿਹਾ ਕਿ 11 ਮਾਰਚ, 2025 ਨੂੰ ਜਦੋਂ ਮੈਂ ਆਪਣੀ ਨਣਦ ਦੀ ਧੀ ਅਨੁਸ਼ਕਾ ਸ਼ਰਮਾ (15) ਨਾਲ ਆਪਣੇ ਪਲਾਟ ‘ਤੇ ਸੀ, ਤਾਂ ਦੋਸ਼ੀ ਦੀਪਕ ਮਲਹੋਤਰਾ ਨੇ ਨਾਬਾਲਗ ਲੜਕੀ ਨਾਲ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਧਮਕੀ ਦਿੱਤੀ ਤੇ ਭਤੀਜੀ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਭਤੀਜੀ ਅਨੁਸ਼ਕਾ ਸ਼ਰਮਾ ਗੰਭੀਰ ਜ਼ਖਮੀ ਹੋ ਗਈ ਹੈ ਤੇ ਇਸ ਸਮੇਂ ਖੰਨਾ ਸਿਵਲ ਹਸਪਤਾਲ ਵਿੱਚ ਦਾਖਲ ਹੈ। ਕਈ ਸ਼ਿਕਾਇਤਾਂ ਤੋਂ ਬਾਅਦ ਵੀ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਸਾਨੂੰ ਧਮਕੀਆਂ ਦੇ ਰਹੇ ਹਨ।

ਸੋਨੀਆ ਸ਼ਰਮਾ ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਹਰ ਰੋਜ਼ ਡਰ ਵਿੱਚ ਜੀਅ ਰਹੇ ਹਾਂ। ਅਸੀਂ ਸਾਰੇ ਕਾਨੂੰਨੀ ਰਸਤੇ ਅਜ਼ਮਾ ਚੁੱਕੇ ਹਾਂ, ਪਰ ਸਾਡੀ ਸੁਰੱਖਿਆ ਲਈ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਮਾਮਲੇ ਦੀ ਤੁਰੰਤ ਉੱਚ ਪੱਧਰੀ ਜਾਂਚ, ਮੁੱਖ ਦੋਸ਼ੀ ਦੀਪਕ ਮਲਹੋਤਰਾ, ਆਜ਼ਾਦ ਕੌਸ਼ਲ ਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਅਤੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।