ਚੰਡੀਗੜ੍ਹ 12 ਮਾਰਚ ,ਬੋਲੇ ਪੰਜਾਬ ਬਿਊਰੋ :
ਸੁਨੰਦਾ ਸ਼ਰਮਾ-ਪਿੰਕੀ ਧਾਲੀਵਾਲ ਮਾਮਲੇ ਨੇ ਪੰਜਾਬੀ ਸੰਗੀਤ ਇੰਡਸਟਰੀ ਦੇ ਖੋਖਲੇ ਹੋ ਰਹੇ ਅੰਦਰੂਨੀ ਢਾਂਚੇ ਦੀਆਂ ਪਰਤਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤਾ ਹੈ, ਜਿਸ ਸੰਬੰਧਤ ਸਾਹਮਣੇ ਆ ਰਹੀਆਂ ਕੁਝ ਤਲਖ਼ ਸੱਚਾਈਆਂ ਦਾ ਪ੍ਰਗਟਾਵਾ ਦੋ ਧੜਿਆਂ ਵਿੱਚ ਵੰਡੇ ਨਜ਼ਰੀ ਆ ਰਹੇ ਗਾਇਕ ਅਤੇ ਗੀਤਕਾਰ ਭਲੀਭਾਂਤ ਕਰਵਾ ਰਹੇ ਹਨ, ਜੋ ਮੰਜ਼ਰ ਇਹ ਦਰਸਾ ਰਿਹਾ ਹੈ ਕਿ ਚਕਾਚੌਂਧ ਭਰੇ ਵਿਖਾਈ ਦੇ ਰਹੇ ਇਸ ਖਿੱਤੇ ਵਿੱਚ ਸਭ ਚੰਗਾ ਨਹੀਂ ਹੈ।ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਹੋਰ ਕਾਲਾ ਧੱਬਾ ਬਣ ਉਭਰੇ ਉਕਤ ਮਾਮਲੇ ਵਿੱਚ ਕੌਣ ਕਿੱਧਰ ਵੱਲ ਝੁਕਿਆ ਨਜ਼ਰ ਆ ਰਿਹਾ, ਜੇਕਰ ਇਸ ਵੱਲ ਨਜ਼ਰਸਾਨੀ ਕਰੀਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨਾਵਾਂ ਦਾ ਜ਼ਿਕਰ ਕਰਦੇ ਹਾਂ, ਜਿੰਨ੍ਹਾਂ ਵੱਲੋਂ ਸੁਨੰਦਾ ਸ਼ਰਮਾ ਦੀ ਖੁੱਲ੍ਹ ਕੇ ਹਿਮਾਇਤ ਕੀਤੀ ਗਈ ਹੈ, ਜਿੰਨ੍ਹਾਂ ਦੀ ਸਪੋਰਟ ਕਰਨ ਵਾਲਿਆਂ ਵਿੱਚ ਗਾਇਕ ਬੱਬੂ ਮਾਨ, ਹਿਮਾਂਸ਼ੀ ਖੁਰਾਣਾ, ਕਾਕਾ, ਜਸਬੀਰ ਜੱਸੀ, ਸ਼੍ਰੀ ਬਰਾੜ, ਸਿੰਗਾ, ਨਵਇੰਦਰ, ਅਦਾਕਾਰਾ ਸੋਨਮ ਬਾਜਵਾ, ਸੋਨੀਆ ਮਾਨ, ਸੰਗੀਤਕਾਰ ਸਾਰੰਗ ਸਿਕੰਦਰ, ਗੁਰਲੇਜ ਅਖ਼ਤਰ ਤੋਂ ਇਲਾਵਾ ਪਰਮਜੀਤ ਹੰਸ ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਵੱਲੋਂ ਉਭਰਦੇ ਗਾਇਕਾਂ ਨਾਲ ਕਥਿਤ ਰੂਪ ਵਿੱਚ ਹੁੰਦੇ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਦਾ ਇਜ਼ਹਾਰ ਖੁੱਲ੍ਹ ਕੇ ਕੀਤਾ ਗਿਆ ਹੈ ਅਤੇ ਗਾਇਕਾ ਦੇ ਹੱਕ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਓਧਰ ਸੁਨੰਦਾ ਸ਼ਰਮਾ ਖਿਲਾਫ਼ ਵੀ ਸੋਸ਼ਲ ਪਲੇਟਫ਼ਾਰਮ ਉਪਰ ਨਜ਼ਰ ਆਏ ਇਨ੍ਹਾਂ ਵਿੱਚ ਗੀਤਕਾਰ ਸੰਗਦਿਲ 47, ਗਾਇਕਾ ਸੁੱਖੀ ਬਰਾੜ ਆਦਿ ਸ਼ਾਮਿਲ ਰਹੇ ਹਨ, ਜਦਕਿ ਦੋ ਹੋਰ ਨਾਂਅ ਜੋ ਗੁੱਪਚੁੱਪ ਰੂਪ ਵਿੱਚ ਸੰਗੀਤ ਪੇਸ਼ਕਰਤਾ ਪਿੰਕੀ ਧਾਲੀਵਾਲ ਨਾਲ ਉਕਤ ਦ੍ਰਿਸ਼ਾਂਵਲੀ ਅਧੀਨ ਖੜ੍ਹੇ ਨਜ਼ਰੀ ਆਏ ਹਨ, ਉਹ ਹਨ ਚਰਚਿਤ ਗਾਇਕ ਹਰਦੇਵ ਮਾਹੀਨੰਗਲ ਅਤੇ ਪ੍ਰਸਿੱਧ ਗੀਤਕਾਰ ਭਿੰਦਰ ਡੱਬਵਾਲੀ, ਹਾਲਾਂਕਿ ਉਨ੍ਹਾਂ ਇਸ ਸੰਬੰਧਤ ਖੁੱਲ੍ਹੇਆਮ ਹਿਮਾਇਤ ਅਤੇ ਕੁਝ ਕਹਿਣ ਤੋਂ ਗੁਰੇਜ਼ ਕੀਤਾ ਹੈ।