ਚੰਡੀਗੜ, 11 ਮਾਰਚ ,ਬੋਲੇ ਪੰਜਾਬ ਬਿਊਰੋ :
ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨਵੇਂ ਜੱਥੇਦਾਰ ਸਾਹਿਬਾਨ ਦੀ ਦਸਤਾਰ ਬੰਦੀ ਮੌਕੇ ਜਿਸ ਤਰੀਕੇ ਪੰਥਕ ਮਰਿਯਾਦਾ ਦਾ ਘਾਣ ਕੀਤਾ ਗਿਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੀ ਗ਼ੈਰ ਹਾਜ਼ਰੀ ਵਿੱਚ ਮੂੰਹ ਲੁਕਾ ਕੇ ਹਨੇਰੇ ਵਿੱਚ ਪੰਥਕ ਪ੍ਰੰਪਰਾਵਾਂ, ਸਿਧਾਂਤਾਂ ਅਤੇ ਮਰਿਆਦਾ ਨੂੰ ਭੰਗ ਕੀਤੇ ਜਾਨ ਨੂੰ ਭਾਜਪਾ ਦੇ ਕੌਮੀ ਕਾਰਜਕਰਨੀ ਮੈਂਬਰ ਅਤੇ ਉੱਘੇ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਾਰੇ ਮੰਦਭਾਗੇ ਘਟਨਾਕ੍ਰਮ ਦੇ ਪਿੱਛੇ ਸ਼੍ਰਿਰੋਮਨੀ ਕਮੇਟੀ ਦਾ ਮਕਸਦ ਸਿਰਫ ਅਤੇ ਸਿਰਫ ਬਾਦਲ ਪਰਿਵਾਰ ਦੇ ਹਿੱਤਾਂ ਦੀ ਰਾਖੀ ਕਰਨਾ ਅਤੇ ਉਹਨਾਂ ਨੂੰ ਹਰ ਹਾਲ ਵਿਚ ਫਾਇਦਾ ਪਹੁੰਚਣਾ ਹੈ।
ਗਰੇਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਇਸ ਬਾਰੇ ਸਿੱਖ ਕੌਮ ਨੂੰ ਸੁਚੇਤ ਕੀਤਾ ਸੀ, ਜਿਸ ਕਾਰਨ ਉਹ ਬਾਦਲ ਪਰਿਵਾਰ ਦੇ ਨਿਸ਼ਾਨੇ ਤੇ ਆ ਗਏ ਅਤੇ ਉਹਨਾਂ ਨੂੰ ਆਪਣੀ ਜਥੇਦਾਰੀ ਤੋਂ ਹੱਥ ਧੋਣਾ ਪਿਆ। ਉਹਨਾਂ ਕਿਹਾ ਕਿ ਸ਼ਿਰੋਮਣੀ ਕਮੇਟੀ ਕੁਝ ਲੋਕਾਂ ਦੀ ਜ਼ਿੱਦ ਪੁਗਾਉਣ ਲਈ ਪੰਥਕ ਮਰਿਯਾਦਾ ਅਤੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੀ ਹੈ। ਇੱਕ ਪਰਿਵਾਰ ਦੇ ਦਬਾਅ ਹੇਠ ਪਹਿਲਾਂ ਅੰਤ੍ਰਿੰਗ ਕਮੇਟੀ ਤੋਂ ਕੌਮ ਦੀਆਂ ਭਾਵਨਾਵਾਂ ਖਿਲਾਫ ਫੈਸਲਾ ਕਰਵਾਇਆ, ਜਿਵੇਂ ਠੀਕ 10 ਸਾਲ ਪਹਿਲਾਂ ਡੇਰਾ ਸਿਰਸਾ ਨੂੰ ਮੁਆਫੀ ਦਿਵਾਈ ਗਈ ਸੀ, ਉਸੇ ਤਰਜ਼ ਤੇ ਹੁਣ ਵੀ ਗਲਤ ਫੈਸਲੇ ਲਾਗੂ ਕਰਵਾਏ ਜਾ ਰਹੇ ਹਨ।
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇੱਕ ਪਰਿਵਾਰ ਦੇ ਕਾਰਨ ਪਿਛਲੇ ਦਿਨਾਂ ਦੇ ਪੰਥ ਵਿਰੋਧੀ ਘਟਨਾਕ੍ਰਮਾਂ ਨੇ ਕੌਮ ਅਤੇ ਪੰਥ ਨੂੰ ਵੱਡੀ ਠੇਸ ਪਹੁੰਚਾਈ ਹੈ। ਉਹਨਾਂ ਮੰਗ ਚੁੱਕੀ ਕਿ ਹਨੇਰ ਕਾਲ ਵਿੱਚ ਬਗੈਰ ਗੁਰੂ ਦੀ ਰੌਸ਼ਨੀ ਅਤੇ ਪ੍ਰਕਾਸ਼ ਤੋਂ, ਗ੍ਰੰਥ ਅਤੇ ਪੰਥ ਦੀ ਹਾਜ਼ਰੀ ਤੋਂ ਬਿਨ੍ਹਾਂ, ਕੀਤੀ ਗਈ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦੀ ਦਸਤਾਰ ਬੰਦੀ ਵੇਲੇ ਮਰਿਯਾਦਾ ਦਾ ਘਾਣ ਕਰਕੇ ਕੌਮ ਦੇ ਮੱਥੇ ਤੇ ਕਲੰਕ ਲਗਾਉਣ ਅਤੇ ਲਗਵਾਉਣ ਵਾਲੇ ਲੋਕਾਂ ਨੂੰ ਪੰਥ ਵਿੱਚੋ ਛੇਕਿਆ ਜਾਵੇ।