ਚੰਡੀਗੜ੍ਹ 10 ਮਾਰਚ,ਬੋਲੇ ਪੰਜਾਬ ਬਿਊਰੋ:
ਇਸ ਸਮੇਂ ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਨੰਦਾ ਸ਼ਰਮਾ ਦਾ ਵੱਡਾ ਬਿਆਨ ਆਇਆ ਹੈ ਹੁਣ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਵਾਰ ਫਿਰ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਨੇ ਲਿਖਿਆ, ‘ਇਹ ਮਸਲਾ ਇੱਕਲਾ ਕਿਸੇ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ, ਇਹ ਮਸਲਾ ਹੈ ਜੋ ਮੈਨੂੰ ਜ਼ਿਹਨੀ ਬਿਮਾਰ ਕੀਤਾ ਗਿਆ…ਇਹ ਹਰ ਉਸ ਕਲਾਕਾਰ ਦਾ ਮਸਲਾ ਹੈ, ਜੋ ਇੱਕ ਮੱਧ ਵਰਗੀ ਪਰਿਵਾਰ ਤੋਂ ਆਉਂਦੇ ਨੇ ਸੁਪਨੇ ਲੈ ਕੇ ਅਤੇ ਇਹੋ ਜਿਹੇ ਮੱਗਰਮੱਛਾਂ ਦੇ ਜਾਲ ਵਿੱਚ ਫਸ ਜਾਂਦੇ ਹਨ।’
ਗਾਇਕਾ ਨੇ ਅੱਗੇ ਲਿਖਿਆ, ‘ਇਹ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਉਂਦੇ ਨੇ ਅਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਹਨ…ਇਹ ਸਾਨੂੰ ਕਿਸੇ ਮੰਗਤੇ ਵਾਂਗ ਟ੍ਰੀਟ ਕਰਦੇ ਨੇ…ਅਤੇ ਕਹਿੰਦੇ ਨੇ ਇਹਨੂੰ ਰੋਟੀ ਪਾਇਆ ਮੈਂ, ਚੱਪਲਾਂ ਵਿੱਚ ਆਈ ਸੀ। ਉਹ ਵਾਹਿਗੁਰੂ, ਤੇਰੇ ਬਣਾਏ ਬੰਦੇ ਆਪਣੇ ਆਪ ਨੂੰ ਤੇਰੇ ਨਾਲੋਂ ਉੱਪਰ ਦੱਸਦੇ ਨੇ।’ਗਾਇਕਾ ਨੇ ਅੱਗੇ ਲਿਖਿਆ, ‘ਇਹਨਾਂ ਨੇ ਮੈਨੂੰ ਬਿਮਾਰ ਕਰਤਾ, ਕਮਰੇ ਵਿੱਚ ਵੜ ਵੜ ਰੋਈ ਹਾਂ ਮੈਂ ਇੱਕਲੀ, ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਵੀ ਹੱਸਦੀ ਵੱਸਦੀ ਲੋਕਾਂ ਅੱਗੇ ਆਉਂਦੀ ਰਹੀ। ਪਤਾ ਨਹੀਂ ਮੇਰੇ ਵਰਗੇ ਕਿੰਨੇ ਹੀ ਹੋਰ ਬੱਚੇ ਨੇ, ਜਿਹੜੇ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਨੇ, ਸਾਰੇ ਆਓ ਅੱਜ, ਬਾਹਰ, ਇਹ ਦੌਰ ਸਾਡਾ ਹੈ, ਇਹ ਮਿਹਨਤ ਸਾਡੀ ਹੈ, ਇਸਦਾ ਫਲ ਵੀ ਸਾਨੂੰ ਹੀ ਮਿਲਣਾ ਚਾਹੀਦਾ ਹੈ, ਇੱਕਜੁੱਟ ਹੋਣ ਦਾ ਵਕਤ ਹੈ।’ ਹੁਣ ਬਹੁਤ ਸਾਰੇ ਸਿਤਾਰੇ ਵੀ ਗਾਇਕਾ ਦੀ ਇਸ ਪੋਸਟ ਉਤੇ ਕੁਮੈਂਟ ਕਰ ਰਹੇ ਹਨ ਅਤੇ ਉਸ ਦਾ ਹੌਂਸਲਾ ਵਧਾ ਰਹੇ ਹਨ।ਜਿਸ ਵਿੱਚ ਹੁਣ ਕਈ ਪੰਜਾਬੀ ਗਾਇਕ ਵੀ ਐਂਟਰੀ ਕਰ ਚੁੱਕੇ ਹਨ, ਜਿਸ ਵਿੱਚ ਬੱਬੂ ਮਾਨ, ਗੁਰਲੇਜ ਅਖ਼ਤਰ, ਕਾਕਾ ਅਤੇ ਸ਼੍ਰੀ ਬਰਾੜ ਵਰਗੇ ਕਈ ਵੱਡੇ ਨਾਂਅ ਸ਼ਾਮਲ ਹਨ।