ਅੰਮ੍ਰਿਤਸਰ, 10 ਮਾਰਚ,ਬੋਲੇ ਪੰਜਾਬ ਬਿਊਰੋ :
ਬਾਬਾ ਬਕਾਲਾ ਤਹਿਸੀਲ ਦੇ ਪਿੰਡ ਚੂਘ ’ਚ ਲੰਗਰ ਸਥਾਨ ’ਤੇ ਗੋਲੀਬਾਰੀ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ, ਪਿੰਡ ਦਾ ਰਹਿਣ ਵਾਲਾ ਵਰਿੰਦਰ ਸਿੰਘ ਲੰਗਰ ਛਕਣ ਜਾ ਰਹੇ ਸਨ। ਇਹ ਲੰਗਰ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਪਿੰਡ ਦੀ ਸੜਕ ’ਤੇ ਲਗਾਇਆ ਗਿਆ ਸੀ। ਆਉਣ-ਜਾਣ ਵਾਲੇ ਯਾਤਰੀ ਇੱਥੇ ਰੁਕ ਕੇ ਲੰਗਰ ਛਕ ਰਹੇ ਸਨ।
ਜਿਵੇਂ ਹੀ ਵਰਿੰਦਰ ਲੰਗਰ ਵਾਲੀ ਥਾਂ ‘ਤੇ ਪਹੁੰਚਿਆ, ਅਚਾਨਕ ਦੋ ਬਾਈਕਾਂ ’ਤੇ ਆਏ ਛੇ ਨੌਜਵਾਨ ਉੱਥੇ ਦਾਖਲ ਹੋਏ। ਬਿਨਾ ਕਿਸੇ ਚੇਤਾਵਨੀ ਦੇ, ਉਨ੍ਹਾਂ ਨੇ ਵਰਿੰਦਰ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਘਟਨਾ ਨਾਲ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਹੈ ਕਿ ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ।
