ਪਾਸ ਕੀਤੇ ਮਤਿਆਂ ਵਿੱਚ ਔਰਤਾਂ ਦੀਆਂ ਅਹਿਮ ਮੰਗਾਂ ਨੂੰ ਉਭਾਰਿਆ
ਮਾਨਸਾ, 8 ਮਾਰਚ ,ਬੋਲੇ ਪੰਜਾਬ ਬਿਊਰੋ :
ਅਪਣੇ ਲਈ ਸੁਰਖਿਆ, ਸਮਾਨਤਾ ਅਤੇ ਸਨਮਾਨ ਹਾਸਲ ਕਰਨ ਲਈ ਅੱਜ ਸਮੂਹ ਔਰਤਾਂ ਨੂੰ ਜਾਗੀਰੂ ਸੋਚ ਅਤੇ ਮਨੂੰਵਾਦੀ ਵਿਚਾਰਧਾਰਾ ਦੇ ਖਿਲਾਫ ਆਰ ਪਾਰ ਦੀ ਲੜਾਈ ਲੜਨ ਲਈ ਵੱਡੇ ਪੈਮਾਨੇ ‘ਤੇ ਜਾਗਰੂਕ ਅਤੇ ਸੰਗਠਤ ਹੋਣ ਦੀ ਜ਼ਰੂਰਤ ਹੈ, ਇਹ ਗੱਲ ਅੱਜ ਇਥੇ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਮਨਾਏ ਕੌਮਾਂਤਰੀ ਔਰਤ ਦਿਵਸ ਸਮਾਗਮ ਦੌਰਾਨ ਇਸਤਰੀ ਆਗੂਆਂ ਵਲੋਂ ਉਭਾਰੀ ਗਈ।
ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਬਲਵਿੰਦਰ ਕੌਰ ਖਾਰਾ, ਹਰਬੰਸ ਕੌਰ ਭੈਣੀਬਾਘਾ, ਲੈਕਚਰਾਰ ਸੋਨੀਆ, ਕਰਮਜੀਤ ਕੌਰ ਘਰਾਂਗਣਾਂ, ਕ੍ਰਿਸ਼ਨਾ ਕੌਰ ਗੇਹਲੇ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਨੂੰ ਏਪਵਾ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਕਾਮਰੇਡ ਜਸਬੀਰ ਕੌਰ ਨੱਤ, ਕਿਰਨਦੀਪ ਕੌਰ ਭੀਖੀ, ਬਲਵਿੰਦਰ ਕੌਰ ਭੈਣੀ, ਗਗਨਪ੍ਰੀਤ ਕੌਰ, ਸੁਰਿੰਦਰ ਕੌਰ ਨੇ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਅਧਿਆਪਕਾ ਹਰਜੀਤ ਕੌਰ ਵਲੋਂ ਕੀਤਾ ਗਿਆ। ਟਰਸੱਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਵੀ ਹਾਜ਼ਰ ਬੀਬੀਆਂ ਨੂੰ ਔਰਤ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਸਮਾਗਮ ਵਲੋਂ ਪਾਸ ਕੀਤੇ ਮਤਿਆਂ ਵਿੱਚ ਲੜਕੀਆਂ ਲਈ ਯੂਨੀਵਰਸਿਟੀ ਤੱਕ ਮੁਫ਼ਤ ਸਿੱਖਿਆ ਦੀ ਅਤੇ ਔਰਤਾਂ ਲਈ ਮੁਫ਼ਤ ਸਮਾਂਬੱਧ ਮੈਡੀਕਲ ਚੈੱਕਅਪ ਤੇ ਇਲਾਜ ਦੀ ਗਾਰੰਟੀ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਵਿੱਚ ਮੰਗ ਕੀਤੀ ਗਈ ਕਿ ਮਜ਼ਦੂਰ ਤੇ ਗਰੀਬ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਸਿਰ ਖੜ੍ਹੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮਾਫ਼ ਕੀਤੇ ਜਾਣ ਤੇ ਮਨਰੇਗਾ ਐਕਟ ਤਹਿਤ ਸਾਲ ਵਿੱਚ ਦੋ ਸੌ ਦਿਨ ਕੰਮ ਤੇ ਸਤ ਸੌ ਰੁਪਏ ਦਿਹਾੜੀ ਦਿੱਤੀ ਜਾਵੇ। ਸਮਾਗਮ ਨੇ ਮਾਨ ਸਰਕਾਰ ਦੀਆਂ ਅਸੰਵੇਦਨਸ਼ੀਲਤਾ ਦੇ ਚਲਦਿਆਂ ਕਈ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਾ ਕਰਨ ਕਰਕੇ ਸਰੂਪ ਰਾਣੀ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ 2014 ਤੋਂ ਸੇਵਾ ਨਿਭਾ ਰਹੀ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਿਮਰਨਜੀਤ ਕੌਰ ਦੀ ਹੋਈ ਬੇਵਕਤ ਮੌਤ ਉਤੇ ਗਹਿਰਾ ਸ਼ੋਕ ਪ੍ਰਗਟ ਕੀਤਾ ਗਿਆ।