ਚੰਡੀਗੜ੍ਹ 8 ਮਾਰਚ,ਬੋਲੇ ਪੰਜਾਬ ਬਿਊਰੋ :
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਬਾਰੇ ਮੁੱਖ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਫ਼ੈਸਲੇ ਨੂੰ ਬਦਲਾਖੋਰੀ ਕਰਾਰ ਦਿੱਤਾ ਹੈ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਧਾਰਮਿਕ ਮਾਮਲਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ, ਪਰ ਹੁਣ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਹੈ, ਤਾਂ ਹੀ ਇਹ ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤ੍ਰਿਗ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਸੇਵਾਮੁਕਤ ਕੀਤਾ, ਉਨ੍ਹਾਂ ਦੀਉਨ੍ਹਾਂ ਦੀ ਆਪਣੀ ਚੋਣ ਹੋਈ ਨੂੰ 13-14 ਸਾਲ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ।ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਰਲੀਮੈਂਟ ‘ਚ ਵੀ ਕਹਿ ਚੁੱਕੇ ਹਨ ਕਿ ਜਥੇਦਾਰ ਇਨ੍ਹਾਂ ਦੀਆਂ ਜੇਬਾਂ ਵਿਚੋਂ ਹੀ ਨਿਕਲਦੇ ਹਨ। ਉਨ੍ਹਾਂ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਉਦੋਂ ਤਾਂ ਸਾਰੇ ਗੁਨਾਹ ‘ਹਾਂ ਜੀ, ਹਾਂ ਜੀ’ ਕਰ ਕੇ ਮੰਨ ਲਏ, ਉਸ ਦੀ ਤਨਖ਼ਾਹ ਵੀ ਪੂਰੀ ਕਰ ਲਈ ਤੇ ਹੁਣ ਜਥੇਦਾਰ ਸਾਹਿਬ ਨੂੰ ਹੀ ਹਟਾ ਰਹੇ ਹੋ। ਇਹ ਤਾਂ ਫ਼ਿਰ ਬਦਲਾਖੋਰੀ ਹੀ ਲਗਦੀ ਹੈ। ਉਨ੍ਹਾਂ ਕਿਹਾ ਕਿ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ, ਪਰਮਾਤਮਾ ਸਭ ਵੇਖਦਾ ਹੈ। ਅੱਗੇ ਮੁੱਖ ਮੰਤਰੀ ਮਾਨ ਨੇ ਕਿਹਾ “ਜਿਨ੍ਹਾਂ ਨੇ ਹੜਬੜੀ ਜਾਂ ਬਦਲਾਖੋਰੀ ਵਿੱਚ ਇਹ ਫੈਸਲੇ ਲਏ ਨੇ ਮੈਂ ਉਹਨਾਂ ਨੂੰ ਏਹੀ ਕਹੂੰਗਾ ਕਿ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ , ਰੱਬ ਜਦੋਂ ਮਾਰਦਾ ਮੱਤ ਮਾਰਦਾ।”