ਸੁਖਬੀਰ ਬਾਦਲ ਨੂੰ ਬਚਾਉਣ ਲਈ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਇਆ: ਕਾਲਕਾ ਅਤੇ ਕਾਹਲੋਂ ਨੇ ਕਿਹਾ

ਚੰਡੀਗੜ੍ਹ ਨੈਸ਼ਨਲ

ਨਵੀਂ ਦਿੱਲੀ 7 ਮਾਰਚ ਬੋਲੇ ਪੰਜਾਬ ਬਿਊਰੋ :

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਵਾਸਤੇ ਅੱਜ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਹੈ ਤੇ ਅੱਜ ਦਾ ਦਿਨ ਇਤਿਹਾਸ ਵਿਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਦਿੱਲੀ ਕਮੇਟੀ ਵਲੋਂ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇਤਿਹਾਸਕ ਫੈਸਲਾ ਸੁਣਾਉਣ ਵਾਲੇ ਪੰਜ ਸਿੰਘ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਆਕਾਵਾਂ ਦੇ ਕਹਿਣ ’ਤੇ ਇਕ-ਇਕ ਕਰ ਕੇ ਅਹੁਦੇ ਤੋਂ ਹਟਾਇਆ ਗਿਆ ਹੈ। ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਫਾਰਗ ਕੀਤਾ ਗਿਆ ਤੇ ਅੱਜ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਫਾਰਗ ਕਰਨ ਦਾ ਮੰਦਭਾਗਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਲਿਆ ਹੈ। ਉਹਨਾਂ ਕਿਹਾ ਕਿ ਇਹ ਸਾਰੇ ਸਿਆਸੀ ਫੈਸਲੇ ਹਨ ਜਿਸਨੂੰ ਸਿੱਖ ਸੰਗਤਾਂ ਬਹੁਤ ਗੰਭੀਰਤਾ ਨਾਲ ਨੇੜਿਓਂ ਵਾਚ ਰਹੀਆਂ ਹਨ ਤੇ ਸਿੱਖ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਦੀ ਸਜ਼ਾ ਸ਼੍ਰੋਮਣੀ ਕਮੇਟੀ ਦੀਆਂ ਆਉਂਦੀਆਂ ਚੋਣਾਂ ਵਿਚ ਬਾਦਲਕਿਆਂ ਨੂੰ ਸੰਗਤਾਂ ਦੇਣਗੀਆਂ। ਉਹਨਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ ਤੇ ਇਸ ਬਜ਼ਰ ਗੁਨਾਹ ਲਈ ਕਦੇ ਵੀ ਗੁਨਾਹਗਾਰਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਅੱਜ ਸਮੁੱਚੇ ਪੰਥ, ਨਿਹੰਗ ਜਥੇਬੰਦੀਆਂ ਨੂੰ ਇਕ ਮੰਚ ਤੇ ਆ ਕੇ ਪੰਥ ਦੋਖੀਆਂ ਦੇ ਖਿਲਾਫ ਮੋਰਚਾ ਖੋਲ੍ਹਣ ਦੀ ਲੋੜ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।