ਚੰਡੀਗੜ੍ਹ, 7 ਮਾਰਚ ,ਬੋਲੇ ਪੰਜਾਬ ਬਿਊਰੋ :
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਰਾਜਨੀਤਿਕ ਸਥਿਤੀ ਅਤੇ ਪੰਜਾਬ ਨਾਲ ਸਬੰਧਤ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਪ੍ਰਿਤਪਾਲ ਸ਼ਰਮਾ ਗਿੱਦੜਬਾਹਾ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਸੰਧੂ ਆਦਿ ਵੀ ਮੌਜੂਦ ਸਨ।
ਹਰਦੇਵ ਸਿੰਘ ਉੱਭਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸੱਤਾ ਸੰਭਾਲੀ ਹੈ, ਹਰ ਪੰਜਾਬੀ ਦੁਖੀ ਹੈ ਅਤੇ ਹੁਣ ਇਸ ਭ੍ਰਿਸ਼ਟ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਜਨਤਾ ਵਿੱਚ ਡਰ ਦਾ ਮਾਹੌਲ ਹੈ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਚਲਾਉਣ ਨੂੰ ਡਰਾਮੇ ਦਾ ਮੰਚ ਮੰਨਦੇ ਹਨ। ਭਗਵੰਤ ਮਾਨ ਸਿਰਫ਼ ਕੇਜਰੀਵਾਲ ਨੂੰ ਖੁਸ਼ ਕਰਨ ਵਿੱਚ ਰੁੱਝੇ ਹੋਏ ਹਨ। ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਦ੍ਰਿਸ਼ਟੀਕੋਣ ਜਾਂ ਯੋਜਨਾ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਦਾਅਵਿਆਂ ਅਤੇ ਝੂਠੇ ਵਾਅਦਿਆਂ ਨਾਲ ਜਨਤਾ ਨੂੰ ਮੂਰਖ ਬਣਾ ਰਹੇ ਹਨ, ਜਦੋਂ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ, ਪਰ ਜਨਤਾ ਇਹ ਸਭ ਕੁਝ ਜਾਣ ਚੁੱਕੀ ਹੈ।
ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਮੇਤ 'ਆਪ' ਦੇ ਸਾਰੇ ਭ੍ਰਿਸ਼ਟ ਆਗੂਆਂ ਨੂੰ ਦਿੱਲੀ ਦੀ ਸੱਤਾ ਤੋਂ ਲਾਭੇਂ ਕਰ ਦਿੱਤਾ ਹੈ। ਕਿਉਂਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਨੇ ਸਹੂਲਤਾਂ ਦੇ ਨਾਮ 'ਤੇ ਦਿੱਲੀ ਦੇ ਲੋਕਾਂ ਨਾਲ ਸਿਰਫ ਧੋਖਾ ਕੀਤਾ ਅਤੇ ਇਸ ਵਾਰ ਉਨ੍ਹਾਂ ਨੂੰ ਜੋ ਮੌਕਾ ਮਿਲਿਆ ਹੈ, ਉਸ ਦੀ ਸਹੀ ਵਰਤੋਂ ਕੀਤੀ ਹੈ। ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੂੰ ਪੂਰਨ ਬਹੁਮਤ ਨਾਲ ਦਿੱਲੀ ਦੀ ਸੱਤਾ ਦੇ ਕੇ ਆਪਣਾ ਅਤੇ ਦਿੱਲੀ ਦਾ ਭਵਿੱਖ ਤੈਅ ਕਰ ਲਿਆ ਹੈ। ਹੁਣ ਪੰਜਾਬ ਦੇ ਲੋਕਾਂ ਨੇ ਆਪਣੇ ਨਾਲ ਅਤੇ ਦਿੱਲੀ ਦੇ ਲੋਕਾਂ ਨਾਲ ਕੀਤੇ ਗਏ ਵਿਸ਼ਵਾਸਘਾਤ ਨੂੰ ਦੇਖਦੇ ਹੋਏ, ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਸੱਤਾ ਤੋ ਲਾਂਭੇ ਕਰਨ ਅਤੇ ਪੰਜਾਬ ਦੀ ਸੱਤਾ ਭਾਰਤੀ ਜਨਤਾ ਪਾਰਟੀ ਨੂੰ ਸੌਂਪਣ ਦਾ ਫੈਸਲਾ ਵੀ ਕਰ ਲਿਆ ਹੈ।
ਤਰੁਣ ਚੁੱਘ ਨੇ ਇਸ ਮੌਕੇ ਹਰਦੇਵ ਸਿੰਘ ਉੱਭਾ ਨੂੰ ਭਰੋਸਾ ਦਿੱਤਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕੋਲ ਪੰਜਾਬ ਦੇ ਵਿਕਾਸ ਲਈ ਬਹੁਤ ਸਾਰੀਆਂ ਯੋਜਨਾਵਾਂ ਹਨ। ਮੋਦੀ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।