ਕਿਸਾਨਾਂ ਦੀ ਗ੍ਰਿਫਤਾਰੀਆਂ ਦੀ ਸਖ਼ਤ ਨਿੰਦਾ , ਸਰਕਾਰ ਨੂੰ ਟਕਰਾਅ ਦਾ ਰਾਹ ਛੱਡਣ ਦੀ ਅਪੀਲ
ਮਾਨਸਾ, 4 ਮਾਰਚ ,ਬੋਲੇ ਪੰਜਾਬ ਬਿਊਰੋ :
ਸੀਪੀਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਦਰਮਿਆਨ ਹੋ ਰਹੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰੇ ਦੇ ਅਪ੍ਰੱਪਕ ਤੇ ਗੈਰ ਜ਼ਿੰਮੇਵਾਰ ਰਵਈਏ ਦੀ ਅਤੇ ਕਿਸਾਨ ਆਗੂਆਂ ਤੇ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ ਕੀਤੀ ਹੈ।
ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਖੁਦ ਬੁਲਾਈ ਮੀਟਿੰਗ ਵਿੱਚ ਭਗਵੰਤ ਮਾਨ ਵਲੋਂ ਆਪ ਹੀ ਵਾਕ ਆਊਟ ਕਰ ਜਾਣਾ ਸਿਰੇ ਦੀ ਬਚਗਾਨਾ ਹਰਕਤ ਹੈ। ਅਜਿਹਾ ਰਵਈਆ ਅਤੇ ਵੱਡੇ ਪੈਮਾਨੇ ‘ਤੇ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਸੂਬੇ ਦੇ ਮਾਹੌਲ ਨੂੰ ਵਿਗਾੜਨ ਤੇ ਕਿਸਾਨਾਂ ਨੂੰ ਭੜਕਾਉਣ ਦੀ ਸਾਜ਼ਿਸ਼ ਹੈ, ਜਿਸ ਦੀ ਸਿਆਸੀ ਕੀਮਤ ਆਪ ਨੂੰ ਲਾਜ਼ਮੀ ਚੁਕਾਉਣੀ ਪਵੇਗੀ।
ਲਿਬਰੇਸ਼ਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭੜਕਾਊ ਰਵਈਆ ਛੱਡ ਕੇ ਅੰਦੋਲਨਕਾਰੀ ਕਿਸਾਨਾਂ ਦੀਆਂ ਸੂਬੇ ਨਾਲ ਸਬੰਧਤ ਮੰਗਾਂ ਬਾਰੇ ਤੁਰੰਤ ਮੁੜ ਗੱਲਬਾਤ ਸ਼ੁਰੂ ਕਰੇ। ਵਰਨਾ ਮੁੱਖ ਮੰਤਰੀ ਦਾ ਇਹ ਗੈਰ ਜ਼ਿੰਮੇਵਾਰ ਵਰਤਾਓ, ਹਰਿਆਣਾ ਤੇ ਦਿੱਲੀ ਵਾਂਗ ਪੰਜਾਬ ਨੂੰ ਵੀ ਬੀਜੇਪੀ ਦੀ ਝੋਲੀ ਪਾਉਣ ਵਾਲੀ ‘ਆਪ’ ਦੀ ਆਤਮਘਾਤੀ ਕਾਰਵਾਈ ਸਾਬਤ ਹੋਵੇਗੀ।