ਅੰਮ੍ਰਿਤਸਰ, 4 ਮਾਰਚ,ਬੋਲੇ ਪੰਜਾਬ ਬਿਊਰੋ ;
ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਨਾਲ ਲੁਟ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਗ੍ਰੰਥੀ ਸਿੰਘ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਪਾਠੀ ਦੀ ਸੇਵਾ ਕਰਦੇ ਹਨ। ਹਰਰੋਜ਼ ਦੀ ਤਰ੍ਹਾਂ, ਉਹ ਰਾਤ ਲਗਭਗ 2 ਵਜੇ ਡਿਊਟੀ ਲਈ ਜਾ ਰਹੇ ਸਨ।
ਇਸ ਦੌਰਾਨ, ਥਾਣਾ ਬੀ ਡਿਵੀਜ਼ਨ ਇਲਾਕੇ ਵਿੱਚ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਬਦਮਾਸ਼ਾਂ ਨੇ ਬੰਦੂਕ ਵਿਖਾ ਕੇ ਉਨ੍ਹਾਂ ਦੀਆਂ ਜੇਬਾਂ ਦੀ ਤਲਾਸ਼ੀ ਲਈ। ਫਿਰ ਉਨ੍ਹਾਂ ਦੀ ਬਾਈਕ ਅਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ। ਪੂਰੀ ਘਟਨਾ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪੀੜਤ ਗ੍ਰੰਥੀ ਨੇ ਪੁਲਿਸ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
