ਸ੍ਰੀ ਮੁਕਤਸਰ ਸਾਹਿਬ 22 ਅਪ੍ਰੈਲ,ਬੋਲੇ ਪੰਜਾਬ ਬਿਉਰੋ: ਪਿੰਡ ਹਰਾਜ ਤੇ ਖੋਖਰ ਵਿਖੇ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਕਾਰਨ ਕਰੀਬ 30 ਏਕੜ ਕਣਕ ਤੇ 16 ਏਕੜ ਨਾੜ ਸੜ੍ਹ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਕਿਸੇ ਵਿਅਕਤੀ ਵੱਲੋਂ ਬੀੜੀ ਪੀ ਕੇ ਸੁੱਟੇ ਜਾਣ ਦਾ ਦੱਸਿਆ ਜਾ ਰਿਹਾ ਹੈ।
ਮੰਡੀ ਬਰੀਵਾਲਾ ਦੇ ਨੇੜਲੇ ਪਿੰਡਾਂ ਨੂੰ ਅਜਿਹੀ ਅਣਸੁਖਾਵੀਂ ਸਥਿਤੀ ’ਚ ਸ੍ਰੀ ਮੁਕਤਸਰ ਸਾਹਿਬ ਜਾਂ ਹੋਰਨਾਂ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਕੇ ਗੱਡੀਆਂ ਮੰਗਵਾਉਣੀਆਂ ਪੈਂਦੀਆਂ ਹਨ ਪਰ ਜਦ ਤੱਕ ਦੂਰ ਹੋਣ ਕਰਕੇ ਫਾਇਰ ਬ੍ਰਿਗੇਡ ਕਰਮਚਾਰੀ ਪਹੁੰਚਦੇ ਹਨ ਤਾਂ ਉਸ ਸਮੇਂ ਤੱਕ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਪੀੜਤ ਕਿਸਾਨਾਂ ਨੇ ਸੂਬਾ ਸਰਕਾਰ ਤੋਂ ਇਸ ਭਾਰੀ ਨੁਕਸਾਨ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਤੇ ਮੰਡੀ ਬਰੀਵਾਲਾ ’ਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਕਰਨ ਬਾਰੇ ਕਿਹਾ ਤਾਂ ਜੋ ਅਜਿਹੀ ਸਥਿਤੀ ’ਚ ਜਲਦ ਬਚਾ ਹੋ ਸਕੇ।
ਪਿੰਡ ਹਰਾਜ ਦੇ ਪੀੜਤ ਕਿਸਾਨ ਬਲਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਦੋ ਏਕੜ, ਸੁਖਦੀਪ ਸਿੰਘ ਪੁੱਤਰ ਜਸਕਰਨ ਸਿੰਘ ਦੀ ਦੋ ਏਕੜ, ਗੁਰਮੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਇੱਕ ਏਕੜ, ਲਛਮਣ ਸਿੰਘ ਪੁੱਤਰ ਗੁਰਦਿੱਤ ਸਿੰਘ ਦੋ ਏਕੜ, ਰਣਜੀਤ ਸਿੰਘ ਪੁੱਤਰ ਬਲਬੀਰ ਸਿੰਘ ਸਾਢੇ ਤਿੰਨ ਏਕੜ, ਬਿਧੀ ਚੰਦ ਪੁੱਤਰ ਹਰਨੇਕ ਸਿੰਘ ਦਾ ਪੰਦਰਾਂ ਏਕੜ ਨਾੜ ਤੇ ਫਰੀਦ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਇੱਕ ਏਕੜ ਸੜ ਕੇ ਸੁਆਹ ਹੋ ਗਿਆ।
ਇਸ ਦੇ ਨਾਲ ਲੱਗਦੇ ਪਿੰਡ ਖੋਖਰ ਦੇ ਰਕਬੇ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ ਡੇਢ ਏਕੜ ਕਣਕ, ਗੁਰਮੇਲ ਸਿੰਘ ਪੁੱਤਰ ਜਰਨੈਲ ਸਿੰਘ ਦੀ ਦੋ ਏਕੜ, ਗੁਰਤੇਜ ਸਿੰਘ ਪੁੱਤਰ ਮਹਿੰਦਰ ਸਿੰਘ ਡੇਢ ਏਕੜ, ਲਖਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਸਾਢੇ ਤਿੰਨ ਏਕੜ, ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਦੋ ਏਕੜ, ਜਸਕਰਨ ਸਿੰਘ ਪੁੱਤਰ ਗੁੁਰਦੀਪ ਸਿੰਘ ਦੋ ਏਕੜ, ਜਗਰਾਜ ਸਿੰਘ ਪੁੱਤਰ ਹਰਬੰਸ ਸਿੰਘ ਢਾਈ ਏਕੜ, ਗੁਰਮੇਲ ਸਿੰਘ ਪੁੱਤਰ ਭਾਗ ਸਿੰਘ ਦੀ ਢਾਈ ਏਕੜ ਪੱਕੀ ਕਣਕ ਸੜ੍ਹ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਆਰੰਭਣ ਦੇ ਨਾਲ ਹੀ ਫਾਇਰ ਬਿ੍ਰਗੇਡ ਨੂੰ ਵੀ ਸੂਚਿਤ ਕਰ ਦਿੱਤਾ ਜਿਨ੍ਹਾਂ ਸ੍ਰੀ ਮੁਕਤਸਰ ਸਾਹਿਬ ਤੋਂ ਮੌਕੇ ’ਤੇ ਪਹੁੰਚ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।